ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੁਲਾਈ
ਆਜ਼ਾਦੀ ਦਿਹਾੜੇ ਮੌਕੇ ਸ਼ਹਿਰ ਵਿੱਚ ਖੋਲ੍ਹੇ ਜਾਣ ਵਾਲੇ ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਦਾ ਜਾਇਜ਼ਾ ਲੈਣ ਲਈ ਵਿਧਾਇਕ ਮਦਨ ਲਾਲ ਬੱਗਾ ਸਥਾਨਕ ਚਾਂਦ ਸਿਨੇਮਾ ਨੇੜੇ ਪੁੱਜੇਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਹਤ ਵਿਭਾਗ, ਨਗਰ ਨਿਗਮ ਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਸ੍ਰੀ ਬੱਗਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਮੁਹੱਲਾ ਕਲੀਨਿਕ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਮੌਕੇ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 75 ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਖੋਲ੍ਹੇ ਜਾ ਰਹੇ ਹਨ। ਵਿਧਾਇਕ ਬੱਗਾ ਨੂੰ ਕਲੀਨਿਕ ਵਿੱਚ ਕੁੱਝ ਖਾਮੀਆਂ ਮਿਲੀਆਂ, ਜਿਨ੍ਹਾਂ ਨੂੰ ਤੁਰੰਤ ਦਰੁੱਸਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਪੀਡਬਲਿਯੂਡੀ ਦੇ ਅਧਿਕਾਰੀਆਂ ਨੂੰ ਇਨ੍ਹਾਂ ਆਮ ਆਦਮੀ ਕਲੀਨਿਕਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੁੱਲ 9 ਆਮ ਆਦਮੀ ਕਲੀਨਿਕ ਜਲਦ ਹੀ ਸ਼ੁਰੂ ਕੀਤੇ ਜਾਣਗੇ ਅਤੇ ਲੁਧਿਆਣਾ ਲੋਕਲ ਵਿੱਚ 6 ਕਲੀਨਿਕ ਤਿਆਰ ਕੀਤੇ ਜਾ ਰਹੇ ਹਨ।