ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਲਗਾਤਾਰ ਗਾਇਬ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੁਣ ਅੱਜ ਅਚਾਨਕ ਹੀ ਨਗਰ ਨਿਗਮ ਦੇ ਡੀ ਜ਼ੋਨ ਪੁੱਜ ਗਏ, ਇੱਥੇ ਉਨ੍ਹਾਂ ਨੇ ਸਾਰੇ ਹੀ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ। ਨਾਲ ਹੀ ਹੁਕਮ ਜਾਰੀ ਕੀਤੇ ਕਿ ਜੋ ਵੀ ਮੁਲਾਜ਼ਮ ਗੈਰਹਾਜ਼ਰ ਹਨ, ਉਨ੍ਹਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਜਾਵੇ। ਦਰਅਸਲ, ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਲਾਜ਼ਮਾਂ ਨੂੰ ਸਮੇਂ ’ਤੇ ਦਫ਼ਤਰਾਂ ’ਚ ਪੁੱਜਣ ਸਬੰਧੀ ਦਿੱਤੇ ਹੁਕਮਾਂ ਦੀ ਪਾਲਣਾ ਕਰਵਾਉਣ ਸਬੰਧੀ ਆਪਣੀ ਗੰਭੀਰਤਾ ਨੂੰ ਦਿਖਾਉਂਦੇ ਹੋਏ ਸਾਬਕਾ ਮੰਤਰੀ ਨਗਰ ਨਿਗਮ ਡੀ ਜ਼ੋਨ ਪੁੱਜੇ। ਨਗਰ ਨਿਗਮ ਡੀ ਜ਼ੋਨ ਵਿੱਚ ਅਚਨਚੇਤ ਸਾਬਕਾ ਮੰਤਰੀ ਦੇ ਪੁੱਜਦੇ ਹੀ ਦਫ਼ਤਰ ਵਿੱਚ ਵੀ ਭਾਜੜਾਂ ਪੈ ਗਈਆਂ। ਸ੍ਰੀ ਆਸ਼ੂ ਸਿੱਧਾ ਹੀ ਵੱਖ-ਵੱਖ ਕਮਰਿਆਂ ਵਿੱਚ ਜਾ ਵੜ੍ਹੇ ਤੇ ਉਨ੍ਹਾਂ ਨੇ ਖਾਲੀ ਸੀਟਾਂ ਦੇ ਮੁਲਾਜ਼ਮਾਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਨੇ ਮੌਕੇ ’ਤੇ ਹੀ ਜ਼ੋਨਲ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਕਿ ਉਹ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਤੋਂ ਪੁੱਛ ਪੜਤਾਲ ਕਰਨ ਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਏ। ਉਧਰ, ਸਾਬਕਾ ਮੰਤਰੀ ਆਸ਼ੂ ਦੇ ਐਕਟਿਵ ਹੁੰਦੇ ਹੀ ਸ਼ਹਿਰ ਵਿੱਚ ਇਸ ਗੱਲ ਦੀ ਵੀ ਚਰਚਾ ਛਿੜ ਗਈ ਹੈ ਕਿ ਸਾਬਕਾ ਮੰਤਰੀ ਆਸ਼ੂ ਨੂੰ ਦੁਬਾਰਾ ਮੰਤਰੀ ਬਣਾਉਣ ਦੀ ਹਰੀ ਝੰਡੀ ਮਿਲ ਗਈ ਹੈ, ਇਸੇ ਕਾਰਨ ਉਹ ਅੱਜ ਬਾਹਰ ਨਿਕਲ ਕੇ ਐਕਸ਼ਨ ਕਰਨ ਵਿੱਚ ਨਜ਼ਰ ਆਏ। ਜ਼ਿਕਰਯੋਗ ਹੈ ਕਿ ਜਿਸ ਦਿਨ ਦਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ, ਸਾਬਕਾ ਮੰਤਰੀ ਆਸ਼ੂ ਉਸ ਦਿਨ ਤੋਂ ਗਾਇਬ ਸਨ। ਦੱਸਿਆ ਜਾਂਦਾ ਹੈ ਕਿ ਉਹ ਉਸੇ ਦਿਨ ਤੋਂ ਲਗਾਤਾਰ ਦਿੱਲੀ ਵਿੱਚ ਡੇਰੇ ਲਗਾ ਬੈਠੇ ਸਨ ਤੇ ਹੁਣ ਹਰੀ ਝੰਡੀ ਤੋਂ ਬਾਅਦ ਹੀ ਉਹ ਲੁਧਿਆਣਾ ਆਏ ਹਨ।