ਪੱਤਰ ਪ੍ਰੇਰਕ
ਜਗਰਾਉਂ, 4 ਜੂਨ
ਖੇਤੀਬਾੜੀ ਵਿਭਾਗ ਵੱਲੋਂ ‘ਪਾਣੀ ਬਚਾਓ’ ਮੁਹਿੰਮ ਤਹਿਤ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰੇਰਿਤ ਕਰਨ ਲਈ ਸਿੱਧਵਾਂ ਬੇਟ ਇਲਾਕੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਪਿੰਡ ਪੁੜੈਣ ਦੇ ਕਿਸਾਨ ਕਰਤਿੰਦਰਪਾਲ ਸਿੰਘ, ਪਿੰਡ ਰਾਊਵਾਲ ਦੇ ਕਿਸਾਨ ਬਲਰਾਜ ਸਿੰਘ ਦੇ ਖੇਤਾਂ ਵਿੱਚ ਚੱਲ ਰਹੀ ਸਿੱਧੀ ਬਿਜਾਈ ਦਾ ਨਿਰੀਖਣ ਕੀਤਾ। ਇਸ ਦੌਰਾਨ ਵਿਧਾਇਕ ਇਯਾਲੀ ਨੇ ਆਪਣੇ 40 ਏਕੜ ਵਾਹਨ ਵਿੱਚ ਸਿੱਧੀ ਬਿਜਾਈ ਤਕਨੀਕ ਤਹਿਤ ਝੋਨਾ ਲਾਉਣ ਦਾ ਐਲਾਨ ਕੀਤਾ। ਡਾ. ਬੈਨੀਪਾਲ ਨੇ ਸਿੱਧੀ ਬਿਜਾਈ ਨੂੰ ਕਾਮਯਾਬ ਤਕਨੀਕ ਦੱਸਦਿਆਂ ਪਾਣੀ ਦੀ 15 ਤੋਂ 20 ਫੀਸਦੀ ਬੱਚਤ ਹੋਣ ਅਤੇ 10 ਤੋਂ 12 ਫੀਸਦੀ ਪਾਣੀ ਰੀਚਾਰਜ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਕਿਰਤ ਦੀ ਬੱਚਤ ਹੁੰਦੀ ਹੈ ਅਤੇ ਫ਼ਸਲ ’ਤੇ ਹੋਣ ਵਾਲੇ ਕੀੜਿਆਂ ਦੇ ਹਮਲੇ ਤੋਂ ਵੀ ਬਚਾਅ ਰਹਿੰਦਾ ਹੈ। ਸਰਕਾਰ ਵੱਲੋਂ ਸਿੱਧੀ ਬਿਜਾਈ ਪੋਰਟਲ ’ਤੇ ਆਨਲਾਈਨ ਦਾਖ਼ਲੇ ਦੀ ਮਿਆਦ 30 ਜੂਨ ਤੱਕ ਕਰ ਦਿੱਤੀ ਗਈ ਹੈ। ਸਫਲ ਕਿਸਾਨ ਵਿਧਾਇਕ ਮਨਪ੍ਰੀਤ ਇਯਾਲੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਵਰ੍ਹਿਆਂ ਤੋਂ ਆਪਣੇ ਖੇਤਾਂ ’ਚ ਸਿੱਧੀ ਬਿਜਾਈ ਕਰ ਰਹੇ ਹਨ, ਇਸ ਵਾਰ ਉਹ 40 ਏਕੜ ਵਿੱਚ ਇਸ ਤਕਨੀਕ ਨਾਲ ਝੋਨਾ ਲਗਾਉਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਸਿੱਧੀ ਬਿਜਾਈ ਕੀਤੀ ਜਾਵੇ। ਇਸ ਤਕਨੀਕ ਨਾਲ ਝੋਨੇ ਦਾ ਝਾੜ ਬਰਾਬਰ ਜਾਂ ਵੱਧ ਹੀ ਨਿਕਲਦਾ ਹੈ। ਕਿਸਾਨਾਂ ਨੂੰ ਡਾ. ਜਗਦੇਵ ਸਿੰਘ ਐਗਰੋਨੌਮਿਸਟ, ਇੰਜ. ਹਰਮਨਪ੍ਰੀਤ ਸਿੰਘ ਵੱਲੋਂ ਨਦੀਨਾਂ ਦੀ ਰੋਕਥਾਮ ਬਿਜਾਈ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ।