ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ’ਚ ਠੇਕੇਦਾਰ ਦੇ ਕੋਲ ਕੰਮ ਕਰਨ ਵਾਲੇ ਮਿਸਤਰੀ ਨੇ ਪੈਸੇ ਨਾ ਮਿਲਣ ਕਾਰਨ ਉਸ ਦੇ ਪੰਜ ਸਾਲ ਦੇ ਲੜਕੇ ਨੂੰ ਅਗਵਾ ਕਰ ਲਿਆ। ਮੁਲਜ਼ਮ ਮੌਕਾ ਦੇਖ ਕੇ ਲੜਕੇ ਨੂੰ ਅਗਵਾ ਕਰ ਉਥੋਂ ਫ਼ਰਾਰ ਹੋ ਗਿਆ। ਜਦੋਂ ਦੇਰ ਰਾਤ ਬੱਚਾ ਘਰ ਨਹੀਂ ਪਹੁੰਚਿਆ ਤਾਂ ਠੇਕੇਦਾਰ ਨੇ ਇਸ ਦਾ ਸ਼ੱਕ ਮੁਲਜ਼ਮ ਮਿਸਤਰੀ ’ਤੇ ਜ਼ਾਹਰ ਕੀਤਾ। ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਨਾਲਾਗੜ੍ਹ ਪੁਲੀਸ ਨੂੰ ਕੀਤੀ। ਪੁਲੀਸ ਨੇ ਜਦੋਂ ਮੁਲਜ਼ਮ ਦੇ ਫੋਨ ਦੀ ਲੋਕੇਸ਼ਨ ਚੈਕ ਕਰਵਾਈ ਤਾਂ ਪਤਾ ਲੱਗਿਆ ਕਿ ਮੁਲਜ਼ਮ ਲੁਧਿਆਣਾ ’ਚ ਹੈ। ਹਿਮਾਚਲ ਦੀ ਪੁਲੀਸ ਨੇ ਲੁਧਿਆਣਾ ਪੁਲੀਸ ਨਾਲ ਸੰਪਰਕ ਕਰਕੇ ਮੁਲਜ਼ਮ ਬਾਰੇ ਜਾਣਕਾਰੀ ਦਿੱਤੀ। ਜਿਸ ਨੂੰ ਲੁਧਿਆਣਾ ਤੇ ਹਿਮਾਚਲ ਪੁਲੀਸ ਨੇ ਮਿਲ ਕੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਮਿਸਤਰੀ ਸ਼ੰਕਰ ਕੁਮਾਰ ਨੂੰ ਕਾਬੂ ਕਰ ਲਿਆ ਹੇ। ਮੁਲਜ਼ਮ ਦੇ ਕਬਜ਼ੇ ’ਚੋਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ। ਹਿਮਾਚਲ ਪੁਲੀਸ ਮੁਲਜ਼ਮ ਨੂੰ ਆਪਣੇ ਨਾਲ ਲੈ ਗਈ। ਜ਼ਿਕਰਯੋਗ ਹੈ ਕਿ ਸ਼ੰਕਰ ਕੁਮਾਰ ਮੂਲ ਰੂਪ ’ਚ ਜ਼ਿਲ੍ਹਾ ਮੋਤੀਹਾਰੀ ਦੇ ਪਿੰਡ ਸਿਮਰਾ ਦਾ ਰਹਿਣ ਵਾਲਾ ਸੀ। ਉਹ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਪਿੰਡ ਪੰਜੋਰਾ ’ਚ ਠੇਕੇਦਾਰ ਜੋਗਿੰਦਰ ਕੁਮਾਰ ਕੋਲ ਕੰਮ ਕਰਦਾ ਸੀ। ਠੇਕੇਦਾਰ ਜੋਗਿੰਦਰ ਨੇ ਉਸ ਦੇ 60 ਹਜ਼ਾਰ ਰੁਪਏ ਕੰਮ ਦੇ ਦੇਣੇ ਸਨ। ਵਾਰ-ਵਾਰ ਮੰਗਣ ’ਤੇ ਵੀ ਠੇਕੇਦਾਰ ਪੈਸੇ ਨਹੀਂ ਦੇ ਰਿਹਾ ਸੀ। ਇਸ ਕਾਰਨ ਉਸ ਦੇ ਪੰਜ ਸਾਲ ਦੇ ਲੜਕੇ ਨੂੰ ਅਗਵਾ ਕਰ ਲਿਆ।