ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਨਵੰਬਰ
ਡੀਸੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਮੁਲਾਜ਼ਮਾਂ ਦੀ ਹੜਤਾਲ ਮੰਗਲਵਾਰ ਵੀ ਜਾਰੀ ਰਹੀ। ਮੁਲਾਜ਼ਮ 8 ਅਕਤੂਬਰ ਤੋਂ ਹੜਤਾਲ ’ਤੇ ਹਨ। ਪਿਛਲੇਂ 2 ਦਿਨਾਂ ਤੋਂ ਦਫ਼ਤਰਾਂ ’ਚ ਮੁਲਾਜ਼ਮ ਨੇ ਤਾਲੇ ਜੜੇ ਹੋਏ ਹਨ ਜਿਸ ਕਰਕੇ ਇਸ ਵਾਰ ਦੀਵਾਲੀ ’ਤੇ ਕੰਮ ਬੰਦ ਹੋਣ ਕਰਕੇ ਨਾ ਤਾਂ ਮੁਲਾਜ਼ਮ ਦੀ ਤਨਖਾਹ ਬਣੀ ਹੈ ਤੇ ਨਾ ਹੀ ਅਫ਼ਸਰਾਂ ਦੀ। ਮੁਲਾਜ਼ਮਾਂ ਨੇ 7 ਨਵੰਬਰ ਤੱਕ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਹੈ, ਇਸ ਕਰਕੇ ਚਰਚਾ ਹੈ ਕਿ ਦੀਵਾਲੀ ਤੱਕ ਤਨਖਾਹ ਨਹੀਂ ਬਣੇਗੀ ਤੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਿਨਾਂ ਤਣਖਾਹ ਦੇ ਹੀ ਗੁਜ਼ਾਰਾ ਕਰਨਾ ਪਵੇਗਾ।
ਮੁਲਾਜ਼ਮਾਂ ਨੇ ਅੱਜ ਵੀ ਪ੍ਰਦਰਸ਼ਨ ਦੌਰਾਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ 7 ਨਵੰਬਰ ਤੱਕ ਹੜਤਾਲ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ। ਪੂਰੇ ਸੂਬੇ ’ਚ ਮੁਲਾਜ਼ਮ ਹੜਤਾਲ ’ਤੇ ਹਨ। ਖਜ਼ਾਨਾ ਦਫ਼ਤਰ ਦੇ ਮੁਲਾਜ਼ਮ ਵੀ ਹੜਤਾਲ ’ਤੇ ਹਨ।
ਦਫ਼ਤਰ ਨੂੰ ਤਾਲੇ ਲਗਾ ਕੇ ਬਾਹਰ ਬੈਠਣਗੇ ਮੁਲਾਜ਼ਮ
ਯੂਨੀਅਨ ਦੇ ਮੁਲਾਜ਼ਮ ਵਿਕਾਸ ਜੁਨੇਜਾ ਨੇ ਕਿਹਾ ਕਿ ਤਿੰਨ ਦਿਨ ਮੁਲਾਜ਼ਮ ਦਫ਼ਤਰ ਆਉਣਗੇ, ਪਰ ਤਾਲੇ ਲਾ ਕੇ ਬਾਹਰ ਬੈਠ ਜਾਣਗੇ। ਉਸ ਤੋਂ ਬਾਅਦ ਪੈਨ ਡਾਊਨ ਦੇ ਨਾਲ ਦਫ਼ਤਰ ਵੀ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕੰਪਿਊਟਰ ’ਤੇ ਕੋਈ ਮੁਲਾਜ਼ਮ ਕੰਮ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।