ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਨ ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਪਾਸਾ ਵੱਟਣ ਤੋਂ ਨਾਰਾਜ਼ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐੱਸਐੱਮਐੱਸਯੂ) ਦੇ ਮੈਂਬਰਾਂ ਨੇ ਅੱਜ ਡੀਸੀ ਦਫ਼ਤਰ ਨੂੰ ਘੇਰ ਕੇ ਜ਼ੋਨਲ ਰੈਲੀ ਕੀਤੀ। ਇਸ ਰੈਲੀ ਵਿੱਚ ਜ਼ਿਲ੍ਹਾ ਲੁਧਿਆਣਾ, ਹੁਸ਼ਿਆਰਪੁਰ, ਮਾਲੇਰਕੋਟਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਜ਼ਿਲ੍ਹਾ ਜਲੰਧਰ ਤੋਂ ਆਏ ਮੁਲਾਜ਼ਮ ਸ਼ਾਮਲ ਹੋਏ। ਇਸ ਦੌਰਾਨ ਪੀਐੱਸਐੱਮਐੱਸਯੂ ਸਟੇਟ ਬਾਡੀ ਦੇ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਯੂਨੀਅਨ ਨਾਲ ਕੀਤੇ ਵਾਅਦਿਆਂ ਨੂੰ ਅਣਗੌਲਿਆ ਕੀਤਾ ਹੈ। ਉਨ੍ਹਾ ਕਿਹਾ ਕਿ ਇਹ ਗੱਲ ਜਗ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ, ਮੁਲਾਜ਼ਮ ਵਰਗ ਦੁਆਰਾ ਕੀਤੇ ਰੋਸ ਪ੍ਰਦਰਸ਼ਨਾਂ ਵਿੱਚ ਨਿੱਜੀ ਤੌਰ ’ਤੇ ਪਹੁੰਚ ਕੇ ਸੱਤਾ ਵਿੱਚ ਆਉਣ ਤੇ ਉਨ੍ਹਾ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਸੀ। ਇਸ ਤੋਂ ਇਲਾਵਾ ‘ਆਪ’ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਸਟੇਜ਼ਾਂ ਤੋਂ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਲਈ ਵੀ ਭਰੋਸਾ ਦਿਵਾਇਆ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਦਾ ਘਾਣ ਕਰਦਿਆਂ ਮੁਲਾਜ਼ਮ ਮਾਰੂ ਪੱਤਰ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ-ਨਾਲ ਬਕਾਇਆ ਡੀ.ਏ. ਅਤੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜ਼ਮ ਪੱਕੇ ਹੋਣਾ, ਡੀ.ਏ. ਦੀਆਂ ਕਿਸ਼ਤਾਂ ਤੇ ਏਰੀਰ ਜਾਰੀ ਕਰਨਾ, 01-01-2016 ਤੋਂ ਬਾਅਦ ਭਰਤੀ ਅਤੇ ਤਰੱਕੀ ਵਾਲੇ ਕਰਮਚਾਰੀਆਂ ਨੂੰ 15 ਫੀਸਦ ਦਾ ਲਾਭ ਦੇਣਾ, ਪਰਖਕਾਲ ਸਮਾਂ ਘੱਟ ਕਰਦੇ ਹੋਏ ਪੱਤਰ 15-01-2015 ਨੂੰ ਰੱਦ ਕਰਨਾ ਆਦਿ ਮੰਗਾ ਨੂੰ ਤੁਰੰਤ ਮੰਨਿਆ ਜਾਵੇਗਾ, ਪਰ ਮੌਜੂਦਾ ਸਰਕਾਰ ਨੇ ਇਸ ਬਾਰੇ ਕੁੱਝ ਨਹੀਂ ਕੀਤਾ।