ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਮਈ
ਪੁਲੀਸ ਨੇ ਕੈਨੇਡਾ ਦਾ ਜਾਅਲੀ ਵੀਜ਼ਾ ਲਾ ਕੇ ਲੱਖਾਂ ਰੁਪਏ ਠੱਗਣ ਦੇ ਦੋਸ਼ ਹੇਠ ਇੰਦਰਪਾਲ ਸਿੰਘ ਭੱਟੀ ਵਾਸੀ ਰਾਮਗੜ੍ਹ, ਜਲੰਧਰ ਦਿਹਾਤੀ ਅਤੇ ਡੀ.ਕੇ. ਪਾਂਡੇ ਵਾਸੀ ਗੁੜਗਾਉਂ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਇੰਦਰਪਾਲ ਭੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਪਿੰਡ ਮੰਡ ਉਧੋਵਾਲ ਦੇ ਵਸਨੀਕ ਜਸਪਾਲ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਦੁਬਈ ਤੋਂ ਕੁਝ ਸਾਲ ਪਹਿਲਾਂ ਵਾਪਸ ਆਇਆ ਸੀ ਅਤੇ ਹੁਣ ਕੈਨੇਡਾ ਜਾਣਾ ਚਾਹੁੰਦਾ ਸੀ। ਉਸਦੀ ਮੁਲਾਕਾਤ ਦਵਿੰਦਰ ਸਿੰਘ ਵਾਸੀ ਲੱਖਪੁਰ ਨਵਾਂ ਸ਼ਹਿਰ ਨਾਲ ਹੋਈ ਜਿਸ ਨੇ ਦੱਸਿਆ ਕਿ ਇੰਦਰਪਾਲ ਸਿੰਘ ਭੱਟੀ ਟਰੈਵਲ ਏਜੰਟ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਕੈਨੇਡਾ ਜਾਣ ਲਈ ਇੰਦਰਪਾਲ ਭੱਟੀ ਨੂੰ ਗਵਾਹਾਂ ਦੀ ਮੌਜੂਦਗੀ ਵਿੱਚ 4 ਲੱਖ ਰੁਪਏ ਦਿੱਤੇ ਗਏ, 2021 ਜੁਲਾਈ ਵਿੱਚ 2 ਲੱਖ ਰੁਪਏ ਦੇਣ ਤੋਂ ਇਲਾਵਾ ਕੁਝ ਪੈਸੇ ਉਸ ਦੇ ਬੈਂਕ ਖਾਤੇ ਵਿੱਚ ਪਾ ਦਿੱਤੇ ਗਏ। ਕੈਨੇਡਾ ਜਾਣ ਲਈ ਟਰੈਵਲ ਏਜੰਟ ਨਾਲ 20 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਟਰੈਵਲ ਏਜੰਟ ਇੰਦਰਪਾਲ ਸਿੰਘ ਭੱਟੀ ਨੇ ਉਸਦੇ ਮੋਬਾਈਲ ਦੇ ਵਟਸਐਪ ਨੰਬਰ ’ਤੇ ਕੈਨੇਡਾ ਦਾ ਲੱਗਿਆ ਵੀਜ਼ਾ ਭੇਜ ਦਿੱਤਾ ਅਤੇ ਕਿਹਾ ਕਿ ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਲਵੇ ਪਰ ਉਸ ਵੱਲੋਂ ਜਦੋਂ ਇਹ ਵੀਜ਼ਾ ਚੈੱਕ ਕਰਵਾਇਆ ਗਿਆ ਤਾਂ ਉਹ ਜਾਅਲੀ ਨਿਕਲਿਆ। ਬਿਆਨਕਰਤਾ ਨੇ ਦੋਸ਼ ਲਾਇਆ ਕਿ ਇੰਦਰਪਾਲ ਸਿੰਘ ਭੱਟੀ ਅਤੇ ਉਸਦੇ ਸਾਥੀ ਡੀ.ਕੇ. ਪਾਂਡੇ ਨੇ ਮਿਲ ਕੇ ਉਸ ਨਾਲ 6 ਲੱਖ 27 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜਸਪਾਲ ਸਿੰਘ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਬਾਰੇ ਕੋਈ ਜਾਣਕਾਰੀ ਨਾ ਦਿੱਤੀ ਅਤੇ ਕਿਹਾ ਕਿ ਉਹ ਬਕਾਇਆ 13 ਲੱਖ ਰੁਪਏ ਆ ਕੇ ਲੈ ਜਾਵੇ ਅਤੇ ਇੰਦਰਪਾਲ ਭੱਟੀ ਜਦੋਂ ਮਾਛੀਵਾੜਾ 13 ਲੱਖ ਰੁਪਏ ਲੈਣ ਲਈ ਆਇਆ ਤਾਂ ਪੁਲੀਸ ਨੇ ਉਸ ਨੂੰ ਦਬੋਚ ਲਿਆ।