ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਮਈ
ਪਿੰਡਾਂ ਤੇ ਸ਼ਹਿਰਾਂ ਵਿੱਚ ‘ਚਿੱਟੇ’ ਨਾਲ ਜਾਨੀ ਤੇ ਮਾਲੀ ਨੁਕਸਾਨ ਤੋਂ ਅੱਕੇ ਲੋਕ ਹੁਣ ਖੁਦ ਅੱਗੇ ਆ ਕੇ ਰੋਕਥਾਮ ਲਈ ਉਪਰਾਲੇ ਕਰਨ ਲੱਗੇ ਹਨ। ਅਜਿਹਾ ਹੀ ਇਕ ਯਤਨ ਅੱਜ ਨੇੜਲੇ ਪਿੰਡ ਲੱਖਾ ’ਚ ਕੀਤਾ ਗਿਆ। ਪਿੰਡ ਦੀ ਗਰਾਮ ਪੰਚਾਇਤ ਦਾ ਆਮ ਇਜਲਾਸ ਪਿੰਡ ’ਚ ਸਾਂਝੀ ਥਾਂ ’ਤੇ ਹੋਇਆ।ਇਸ ਵਿੱਚ ਬਲਾਕ ਸਮਿਤੀ ਮੈਂਬਰ, ਸਾਬਕਾ ਸਰਪੰਚ ਸਮੇਤ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ। ਇਸ ’ਚ ਵੱਡੀ ਗਿਣਤੀ ’ਚ ਔਰਤਾਂ ਵੀ ਹਾਜ਼ਰ ਹੋਈਆਂ। ਇਸ ਮੌਕੇ ਆਮ ਸਹਿਮਤੀ ਨਾਲ ਨਸ਼ਿਆਂ ਦੀ ਰੋਕਥਾਮ ਲਈ ਇਕ ਕਮੇਟੀ ਬਣਾਈ ਗਈ। ਇਸ ਕਮੇਟੀ ਨੂੰ ਨਸ਼ਿਆਂ ਖ਼ਿਲਾਫ਼ ਪ੍ਰਭਾਵੀ ਕਦਮ ਚੁੱਕਣ ਅਤੇ ਥਾਣੇ ਫੜਾਉਣ ਤੋਂ ਲੈ ਕੇ ਬਣਦੀ ਹੋਰ ਕਾਰਵਾਈ ਦੇ ਅਧਿਕਾਰ ਦਿੱਤੇ ਗਏ। ਮਤਾ ਪਾਸ ਕੀਤਾ ਗਿਆ ਪਿੰਡ ’ਚ ਜੇ ਕੋਈ ਵੀ ‘ਚਿੱਟਾ’ ਵੇਚਦਾ ਜਾਂ ਪੀਂਦਾ ਫੜਿਆ ਗਿਆ ਤਾਂ ਇਸ ਕਮੇਟੀ ਨੂੰ ਪੂਰਨ ਅਧਿਕਾਰ ਹੋਵੇਗਾ ਕਿ ਉਹ ਫੜੇ ਗਏ ਵਿਅਕਤੀ ਜਾਂ ਔਰਤ ਨੂੰ ਥਾਣੇ ਫੜਾ ਕੇ ਬਣਦੀ ਕਾਰਵਾਈ ਕਰਵਾਏ। ਇੰਨਾ ਹੀ ਨਹੀਂ ਨਸ਼ਾ ਵੇਚਣ, ਖ੍ਰੀਦਣ ਵਾਲਿਆਂ ਦੇ ਪਿੰਡ ਪੱਧਰ ’ਤੇ ਬਾਈਕਾਟ ਤੋਂ ਇਲਾਵਾ ਅਜਿਹੇ ਅਨਸਰਾਂ ਪਾਸੋਂ ਚੋਰੀ ਦਾ ਸਾਮਾਨ ਖ੍ਰੀਦਣ ਵੇਚਣ ’ਤੇ ਵੀ ਭਾਂਡਾ ਤਿਆਗ ਦੇਣ ਦਾ ਫ਼ੈਸਲਾ ਹੋਇਆ। ਸਰਪੰਚ ਜਸਵੀਰ ਕੌਰ, ਬਲਾਕ ਸਮਿਤੀ ਮੈਂਬਰ ਕਮਲਜੀਤ ਕੌਰ, ਸਾਬਕਾ ਸਰਪੰਚ ਪਰਮਜੀਤ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਪੰਚ ਹਰਜੀਤ ਕੌਰ, ਪੰਚ ਸਰਬਜੀਤ ਕੌਰ, ਜਸਮੇਲ ਕੌਰ, ਗੁਰਦੀਪ ਸਿੰਘ, ਦਲਜੀਤ ਸਿੰਘ ਆਦਿ ਨੇ ਕਿਹਾ ਕਿ ਜੇ ਕੋਈ ਪਿੰਡ ਵਾਸੀ ਨਸ਼ਾ ਵੇਚਣ ਤੇ ਕਰਨ ਬਾਰੇ ਜਾਣਕਾਰੀ ਦੇਵੇਗਾ ਤਾਂ ਸਮੁੱਚਾ ਪਿੰਡ ਉਸ ਦਾ ਡਟਵਾਂ ਸਾਥ ਦੇਵੇਗਾ। ਇਹ ਸੂਚਨਾ ਦੇਣ ਵਾਲੇ ਨੂੰ ਕੋਈ ਵੀ ਪਿੰਡ ਵਾਸੀ ਗਲਤ ਸ਼ਬਦ ਨਹੀਂ ਬੋਲੇਗਾ ਤੇ ਜੇ ਕੋਈ ਅਜਿਹਾ ਕਰੇਗਾ ਤਾਂ ਉਸ ਖ਼ਿਲਾਫ਼ ਵੀ ਪਿੰਡ ਵੱਲੋਂ ਸਾਂਝੇ ਫ਼ੈਸਲੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਕੱਠ ’ਚ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਗਈ ਕਿ ‘ਚਿੱਟੇ’ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ। ਇਸ ਨਾਲ ਜਿੱਥੇ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਉਥੇ ਜਿਹੜੇ ਘਰਾਂ ’ਚ ਵੜ ਗਿਆ ਉਨ੍ਹਾਂ ਦੀ ਹਾਲਤ ਸ਼ਬਦਾਂ ਨਾਲ ਬਿਆਨ ਕਰਨੀ ਔਖੀ ਹੈ ਕਿਉਂਕਿ ਇਸ ਤੋਂ ਪੀੜਤ ਹੀ ਦਰਦ ਸਮਝ ਸਕਦੇ ਹਨ। ਇਸ ਮੌਕੇ ਪੰਚ ਨਿਰਮਲ ਸਿੰਘ, ਸਰਬਜੀਤ ਸਿੰਘ, ਸੇਵਕ ਸਿੰਘ, ਸੁਰਜੀਤ ਸਿੰਘ ਲੱਖਾ, ਅੰਮ੍ਰਿਤਪਾਲ ਸਿੰਘ, ਕ੍ਰਿਸ਼ਨ ਸਿੰਘ, ਮਹਾਂ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੋਰ, ਸਦੀਕ ਮੁਹੰਮਦ ਮੌਜੂਦ ਸਨ।