ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਥਾਣਾ ਪੀਏਯੂ ਦੇ ਇਲਾਕੇ ਅਗਰ ਨਗਰ-ਏ ਬਲਾਕ ਵਿੱਚ ਰਹਿੰਦੇ ਇੱਕ ਸਨਅਤਕਾਰ ਦੇ ਘਰੋਂ ਚੋਰ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਡਾਇੰਗ ਸਨਅਤਕਾਰ ਭੁਪਿੰਦਰ ਜੈਨ ਨੇ ਪੁਲੀਸ ਨੂੰ ਚੋਰੀ ਬਾਰੇ ਸੂਚਿਤ ਕੀਤਾ ਤਾਂ ਥਾਣਾ ਪੀਏਯੂ ਅਤੇ ਪੁਲੀਸ ਚੌਕੀ ਰਘੂਨਾਥ ਇਨਕਲੇਵ ਦੀ ਪੁਲੀਸ ਪਾਰਟੀ ਮੌਕੇ ’ਤੇ ਪੁੱਜ ਗਈ। ਭੁਪਿੰਦਰ ਜੈਨ ਨੂੰ ਚੋਰੀ ਬਾਰੇ ਉਸ ਵਕਤ ਪਤਾ ਲੱਗਾ ਜਦੋਂ ਉਹ ਸਵੇਰੇ ਉੱਠਿਆ ਅਤੇ ਉਸ ਨੇ ਕਮਰਿਆਂ ਵਿੱਚ ਸਾਰਾ ਸਾਮਾਨ ਖਿਲਰਿਆ ਦੇਖਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਚੋਰ ਘਰ ਦੇ ਨਾਲ ਪਏ ਖਾਲੀ ਪਲਾਟ ਦੀ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਕਮਰਿਆਂ ਦੀਆਂ ਅਲਮਾਰੀਆਂ ਤੋੜ ਕੇ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭੁਪਿੰਦਰ ਜੈਨ ਵੱਲੋਂ ਹਾਲੇ ਤੱਕ ਕੁੱਲ ਹੋਏ ਨੁਕਸਾਨ ਦੀ ਸੂਚੀ ਪੁਲੀਸ ਨੂੰ ਨਹੀਂ ਦਿੱਤੀ ਗਈ। ਸੂਚੀ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਹੈ ਕਿ ਚੋਰਾਂ ਦੀ ਗਿਣਤੀ ਕੁੱਲ ਛੇ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਵੇਗੀ।