ਜਸਬੀਰ ਸ਼ੇਤਰਾ
ਜਗਰਾਉਂ, 20 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਲਕੇ 21 ਮਾਰਚ ਨੂੰ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਧਰਨ ਦਿੱਤਾ ਜਾਵੇਗਾ। ਸੰਘਰਸ਼ ਦੀ ਅਗਲੀ ਕੜੀ ਵਜੋਂ 25 ਮਾਰਚ ਨੂੰ ਟਰੈਕਟਰ ਮਾਰਚ ਹੋਵੇਗਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਲਾਮਬੰਦੀ ਲਈ ਪਿਛਲੇ ਇਕ ਹਫਤੇ ਤੋਂ ਪਿੰਡਾਂ ’ਚ ਚਲਾਈ ਲਾਮਬੰਦੀ ਮੁਹਿੰਮ ਅੱਜ ਵੀ ਜਾਰੀ ਰਹੀ। ਅੱਜ ਪਿੰਡ ਸਿੱਧਵਾਂ ਖੁਰਦ, ਗੁੜੇ, ਸਵੱਦੀ, ਤਲਵੰਡੀ ਕਲਾਂ, ਕੁਲਾਰ, ਪੱਬੀਆਂ ਆਦਿ ’ਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਮੀਤ ਪ੍ਰਧਾਨ ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਸਕੱਤਰ ਜਸਦੇਵ ਸਿੰਘ ਲਲਤੋਂ, ਸਰਵਿੰਦਰ ਸਿੰਘ ਸੁਧਾਰ, ਡਾ. ਗੁਰਮੇਲ ਸਿੰਘ ਕੁਲਾਰ, ਰਣਜੀਤ ਸਿੰਘ ਗੁੜੇ, ਨੰਬਰਦਾਰ ਮਨਮੋਹਣ ਸਿੰਘ ਪੰਡੋਰੀ, ਬਲਜੀਤ ਸਿੰਘ ਸਵੱਦੀ, ਜਗਮੋਹਣ ਸਿੰਘ ਸਵੱਦੀ ਆਦਿ ਨੇ ਕਿਹਾ ਕਿ ਮੋਦੀ ਹਕੂਮਤ ਦੀ ਵਾਅਦਾ ਖ਼ਿਲਾਫ਼ੀ ਕਰਕੇ ਕਿਸਾਨਾਂ ’ਚ ਭਾਰੀ ਰੋਹ ਹੈ। ਭਾਖੜਾ ਡੈਮ ਪ੍ਰਬੰਧਕੀ ਬੋਰਡ ’ਚੋਂ ਪੰਜਾਬ ਦੀ ਨੁਮਾਇੰਦਗੀ ਖਾਰਜ ਕਰ ਕੇ ਮੋਦੀ ਸਰਕਾਰ ਨੇ ਇਕ ਹੋਰ ਪੰਜਾਬ ਵਿਰੋਧੀ ਕਦਮ ਚੁੱਕਿਆ ਹੈ। ਇਕ ਇਕ ਕਰਕੇ ਕੇਂਦਰ ਸਰਕਾਰ ਨੇ ਕਈ ਕਿਸਾਨ ਤੇ ਪੰਜਾਬ ਵਿਰੋਧੀ ਕਦਮ ਚੁੱਕੇ ਹਨ ਹੋ ਸਹਿਣਯੋਗ ਨਹੀਂ ਹਨ। ਇਸ ਤੋਂ ਇਲਾਵਾ ਲਖੀਮਪੁਰ ਖੀਰੀ ਕਤਲ ਕਾਂਡ ਦੇ ਗਵਾਹ ’ਤੇ ਹਮਲਾ ਕਰਨ ਦੀ ਨਿਖੇਧੀ ਕਰਦਿਆਂ ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਅਤੇ ਉਸਦੇ ਪਿਤਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ ਦੁਹਰਾਈ ਗਈ। ਬੁਲਾਰਿਆਂ ਨੇ ਆਖਿਆ ਕਿ ਪਿੰਡ-ਪਿੰਡ ’ਚੋਂ ਕਿਸਾਨਾਂ ਮਜ਼ਦੂਰਾਂ ਦੇ ਉਤਸ਼ਾਹੀ ਤੇ ਜੋਸ਼ ਭਰਪੂਰ ਹੁੰਗਾਰੇ ਦੇ ਮੱਦੇਨਜ਼ਰ 21 ਮਾਰਚ ਨੂੰ 10 ਵਜੇ ਚੌਕੀਮਾਨ ਟੌਲ ਦੇ ਸਾਹਮਣੇ ਕੌਮੀ ਮਾਰਗ ਉਪਰ ਵੱਡਾ ਜਨਤਕ ਧਰਨਾ ਲਗਾਇਆ ਜਾਵੇਗਾ। ਉਪਰੰਤ 23 ਮਾਰਚ ਨੂੰ ਕਾਫ਼ਲਾ ਸ਼ਹੀਦੀ ਸਮਾਗਮ ਲਈ ਹੁਸੈਨੀਵਾਲਾ ਫਿਰੋਜ਼ਪੁਰ ਲਈ ਅਤੇ 25 ਮਾਰਚ ਨੂੰ ਵੱਡਾ ਕਾਫਲਾ ਚੰਡੀਗੜ੍ਹ ਦੇ ਟਰੈਕਟਰ ਮਾਰਚ ਲਈ ਰਵਾਨਾ ਹੋਵੇਗਾ। ਇਸ ਸਮੇਂ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਜਸਵੀਰ ਸਿੰਘ ਗੁੜੇ, ਬਲਦੇਵ ਸਿੰਘ ਗਿੱਲ ਸਵੱਦੀ, ਅਵਤਾਰ ਸਿੰਘ ਤਲਵੰਡੀ, ਸੁਰਜੀਤ ਸਿੰਘ ਸਵੱਦੀ, ਅਮਰ ਸਿੰਘ ਖੰਜਰਵਾਲ, ਗੁਰਦਿਆਲ ਸਿੰਘ ਤਲਵੰਡੀ, ਇੰਦਰਜੀਤ ਸਿੰਘ ਪੱਬੀਆਂ ਆਦਿ ਮੌਜੂਦ ਸਨ।