ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਅਪਰੈਲ
ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਬਿ) ਦਾ ਵਫਦ ਸੂਬਾ ਸਰਕਾਰ ਦੇ ਮਾਲ ਮੰਤਰੀ ਗਰਪ੍ਰੀਤ ਸਿੰਘ ਕਾਂਗੜ ਨੂੰ ਮਿਲਿਆ। ਵਫਦ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬਿ ਨੇ ਕਰਦਿਆਂ ਮਾਲ ਮੰਤਰੀ ਕਾਂਗੜ ਨੂੰ ਕਾਂਗਰਸ ਪਾਰਟੀ ਵੱਲੋਂ 2017 ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਨੀਫੈਸਟੋ ਰਾਹੀਂ ਕੀਤੇ ਵਾਅਦੇ ਵਫਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਆਖਿਆ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਨੰਬਰਦਾਰੀ ਨੂੰ ਜ਼ੱਦੀ ਪੁਸ਼ਤੀ, ਮਾਣ ਭੱਤਾ 3 ਹਜ਼ਾਰ ਕਰਨ, ਟੌਲ ਅਤੇ ਬੱਸ ਕਿਰਾਇਆ ਮੁਆਫ ਕਰਨ ਤੋਂ ਇਲਾਵਾ ਜ਼ਿਲ੍ਹਾ ਹੈੱਡ-ਕੁਆਰਟਰਾਂ ਅਤੇ ਤਹਿਸੀਲਾਂ ’ਚ ਦਫਤਰ ਅਲਾਟ ਕਰਨ ਸਮੇਤ ਕਈ ਵਾਅਦੇ ਕੀਤੇ ਸਨ, ਪਰ ਤ੍ਰਾਸਦੀ ਇਹ ਹੈ ਕਿ ਚਾਰ ਵਰਿਅ੍ਹਾਂ ਤੋਂ ਉਪਰ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਇਸ ਮੌਕੇ ਜਦੋਂ ਵਫਦ ਨੇ ਕਾਂਗੜ ਨੂੰ 35 ਹਜ਼ਾਰ ਨਾਰਾਜ਼ ਨੰਬਰਦਾਰਾਂ ਦੀਆਂ ਇਨ੍ਹਾਂ ਮੰਗਾਂ ਬਾਰੇ ਜਾਣੂ ਕਰਵਾਇਆ ਤਾਂ ਉਨ੍ਹਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਮਾਣ ਭੱਤਾ 2 ਹਜ਼ਾਰ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਬਾਕੀ ਰਹਿੰਦੀਆਂ ਮੰਗਾਂ ਵੀ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਨੰਬਰਦਾਰਾਂ ਦੇ ਵਫਦ ’ਚ ਸ਼ਾਮਲ ਆਲਮਜੀਤ ਚਕੋਹੀ, ਰਣਜੀਤ ਚਾਂਗਲੀ, ਮਨਜੀਤ ਸੁਲਤਾਨ ਪੁਰ, ਬਹਾਦਰ ਸਿੰਘ ਸ਼ੇਰਪੁਰ, ਸੋਹਨ ਸਿੰਘ ਸਮਰਾਲਾ, ਹਰਨੇਕ ਜਗਰਾਉਂ, ਜਗਤਾਰ ਫਰੀਦਕੋਟ, ਸੁਖਵਿੰਦਰ ਮਲੇਰਕੋਟਲਾ, ਜਰਨੈਲ ਕਪੂਰਥਲਾ, ਮਹਿੰਦਰ ਸਿੰਘ ਸੰਗਰੂਰ, ਜਸਵੰਤ ਸਿੰਘ ਸ਼ੁੇਖਦੌਲਤ ਅਤੇ ਮਹਿਲ ਸਿੰਘ ਕਾਲਾ ਟਿੱਬਾ ਨੇ ਮੰਤਰੀ ਵੱਲੋਂ ਮਿਲੇ ਭਰੋਸੇ ’ਤੇ ਭਰੋਸਾ ਜਤਾਉਂਦਿਆਂ ਧੰਨਵਾਦ ਕੀਤਾ ।