ਪੱਤਰ ਪ੍ਰੇਰਕ
ਪਾਇਲ, 23 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 28 ਸਤੰਬਰ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਕੀਤੀ ਜਾ ਰਹੀ ਸਾਮਰਾਜ ਵਿਰੋਧੀ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਲੜੀ ਤਹਿਤ ਅੱਜ ਪਿੰਡ ਜਰਗੜੀ ਵਿਖੇ ਵੀ ਮੀਟਿੰਗ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਕਨਵੀਨਰ ਹਾਕਮ ਸਿੰਘ ਜਰਗੜੀ, ਯੁਵਰਾਜ ਸਿੰਘ ਘੁਡਾਣੀ, ਦਵਿੰਦਰ ਸਿੰਘ ਘਲੋਟੀ ਤੇ ਪਰਮਵੀਰ ਸਿੰਘ ਕਿਹਾ ਕਿ ਪਹਿਲਾਂ ਤਾਂ ਇੱਕ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਤੇ ਉਸ ਨੇ 100 ਸਾਲ ਰਾਜ ਕੀਤਾ ਅਤੇ ਭਾਰਤ ਵਾਸੀਆਂ ਨੂੰ ਗੁਲਾਮ ਬਣਾ ਕੇ ਲੁੱਟਿਆ ਤੇ ਕੁੱਟਿਆ। ਅੱਜ ਦੀਆਂ ਸਰਕਾਰਾਂ ਵੀ ਕਾਰਪੋਰੇਟ ਘਰਾਣਿਆਂ, ਕੰਪਨੀਆਂ ਨੂੰ ਸੱਦਾ ਦੇ ਕੇ ਭਾਰਤ ਨੂੰ ਹੋਰ ਗ਼ੁਲਾਮ ਬਣਾਉਣ ਜਾ ਰਹੀਆਂ ਹਨ। ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਜ ਏਕਤਾ ਤੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਇਨ੍ਹਾਂ ਆਗੂਆਂ ਤੋਂ ਇਲਾਵਾ ਅਵਤਾਰ ਸਿੰਘ, ਜਸਵੰਤ ਸਿੰਘ, ਅਮਨਾ ਪੰਚ, ਨਛੱਤਰ ਸਿੰਘ, ਦਰਸ਼ਨ ਸਿੰਘ, ਅਜਮੇਰ ਸਿੰਘ ਤੇ ਹਰਜੀਤ ਸਿੰਘ ਵੀ ਹਾਜ਼ਰ ਸਨ।