ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਮਈ
ਨਗਰ ਨਿਗਮ ਦੀ ਜ਼ੋਨਲ ਕਮਿਸ਼ਨਰ ਪੂਨਮਪ੍ਰੀਤ ਕੌਰ ਵੱਲੋਂ ਜ਼ੋਨ ਸੀ ਦੇ ਕੌਂਸਲਰਾਂ ਅਤੇ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਜ਼ੋਨ-ਸੀ ਦੇ ਵਿਕਾਸ ਕਾਰਜਾਂ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਮੀਟਿੰਗ ਕੀਤੀ ਗਈ। ਜ਼ੋਨਲ ਕਮਿਸ਼ਨਰ ਵੱਲੋਂ ਸਿਹਤ ਸ਼ਾਖਾ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿੱਚ ਸਾਫ਼ ਸਫ਼ਾਈ ਦਾ ਧਿਆਨ ਰੱਖਣ ਅਤੇ ਵੇਹੜਿਆਂ ਦਾ ਓਐਂਡਐਮ ਸ਼ਾਖਾ ਨਾਲ ਜੁਆਇੰਟ ਸਰਵੇ ਕੀਤਾ ਜਾਵੇ ਕਿ ਕਿਸੇ ਵੀ ਵੇਹੜੇ ਵਿੱਚ ਕੂੜਾ ਜਾਂ ਪਲਾਸਟਿਕ ਰੋਡ ਜਾਲੀਆਂ ਨਾ ਹੋਣ ਕਾਰਨ ਸੀਵਰੇਜ ਵਿੱਚ ਤਾਂ ਨਹੀਂ ਸੁੱਟਿਆ ਜਾ ਰਿਹਾ। ਮੀਟਿੰਗ ਦੌਰਾਨ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਵਿੱਚ ਪਾਣੀ ਤੇ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਮੈਨ ਹੋਲਾਂ ਅੇਤ ਰੋਡ ਜਾਲੀਆਂ ਦੀ ਸਫ਼ਾਈ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਕੋਈ ਵੀ ਸੀਵਰੇਜ ਓਵਰਫਲੋਅ ਨਾ ਹੋ ਸਕੇ। ਬੀਐਂਡਆਰ ਸ਼ਾਖਾ ਨੂੰ ਕਿਹਾ ਗਿਆ ਕਿ ਜ਼ੋਨ-ਸੀ ਅਧੀਨ ਆਉਂਦੀਆਂ ਸੜਕਾਂ ਦਾ ਪੈਚ ਵਰਕ ਹੋਣ ਵਾਲਾ ਹੈ ਜਿਸਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ ਅਤੇ ਨਵੀਆਂ ਬਣਨ ਵਾਲੀਆਂ ਸੜਕਾਂ ਨੂੰ ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਤੈਅ ਸਮੇਂ ਵਿੱਚ ਮੁਕੰਮਲ ਕਰਵਾਇਆ ਜਾਵੇ।