ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਅਗਸਤ
ਏਟਕ ਲੁਧਿਆਣਾ ਦੇ ਪ੍ਰਧਾਨ ਕਾਮਰੇਡ ਰਮੇਸ਼ ਰਤਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਅਸਰ ਹੌਜ਼ਰੀ ਵਰਕਰ ’ਤੇ ਵੀ ਉਨਾ ਹੀ ਹੈ ਜਿੰਨਾ ਹੋਰ ਮਜ਼ਦੂਰਾਂ ’ਤੇ ਪੈ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਮਿਹਨਤ ਕਰਨ ਦੇ ਬਾਵਜੂਦ ਵੀ ਵੱਧ ਰਹੀ ਮਹਿੰਗਾਈ ਕਰ ਕੇ ਇਸ ਵਰਗ ਲਈ ਦੋ ਵੇਲੇ ਦੀ ਰੋਟੀ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਹ ਪੰਜਾਬ ਸਟੇਟ ਹੋਜ਼ਰੀ ਲੇਬਰ ਯੂਨੀਅਨ ਦੀ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਏਟਕ ਲੁਧਿਆਣਾ ਦੇ ਡਿਪਟੀ ਜਨਰਲ ਸਕੱਤਰ ਕਾਮਰੇਡ ਐੱਮਐੱਸ ਭਾਟੀਆ ਨੇ ਕਿਹਾ ਕਿ ਚੰਦ ਕਾਰਪੋਰੇਟਾਂ ਨੂੰ ਖ਼ੁਸ਼ ਕਰਨ ਲਈ ਮਜ਼ਦੂਰਾਂ ’ਤੇ ਜ਼ੁਲਮ ਢਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਸਦੀਆਂ ਪੁਰਾਣੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ। ਮੀਟਿੰਗ ਨੂੰ ਮੁਹੰਮਦ ਸ਼ਫੀਕ, ਸੰਜੈ ਕੁਮਾਰ, ਮੁਹੰਮਦ ਰਫੀਕ ਅਤੇ ਰਾਮ ਰੀਤ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਬੰਦੀ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਮੁਹੰਮਦ ਰਫੀਕ ਨੂੰ ਪ੍ਰਧਾਨ, ਸੰਜੇ ਕੁਮਾਰ ਨੂੰ ਸਕੱਤਰ, ਰਾਮ ਰੀਤ ਯਾਦਵ ਨੂੰ ਖਜ਼ਾਨਚੀ ਅਤੇ ਮੁਹੰਮਦ ਸ਼ਫੀਕ ਨੂੰ ਪ੍ਰਾਪੇਗੰਡਾ ਸਕੱਤਰ ਬਣਾਇਆ ਗਿਆ । ਮੀਟਿੰਗ ਵਿੱਚ ਪੰਜਾਬ ਏਟਕ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਡੀਪੀ ਮੌੜ ਵੀ ਪੁੱਜੇ ਜਿਨ੍ਹਾਂ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ।