ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਈ
ਨਗਰ ਨਿਗਮ ਲੁਧਿਆਣਾ ਦੀ ਲਿਮਟ ਤੋਂ ਬਾਹਰ ਬੁੱਢੇ ਨਾਲੇ ਦੇ ਹਾਲਾਤ ਸੁਧਾਰਨ ਲਈ ਹੁਣ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਅੱਜ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੇ ਬੁੱਢੇ ਨਾਲੇ ਦੀ ਹੱਦਬੰਦੀ ਕਰਨ, ਨਾਲੇ ਦੇ ਆਲੇ ਦੁਆਲੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਤੇ ਬੂਟੇ ਲਗਾਉਣ ਦੇ ਲਈ ਹੁਕਮ ਜਾਰੀ ਕੀਤੇ। ਉਨ੍ਹਾਂ ਨੇ ਇਸੇ ਲਈ ਅੱਜ ਖਾਸ ਮੀਟਿੰਗ ਕੀਤੀ ਸੀ। ਇਸ ਵਿੱਚ ਜੰਗਲਾਤ ਵਿਭਾਗ, ਨਗਰ ਨਿਗਮ, ਡਰੇਨਜ਼ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।
ਡੀਸੀ ਸੁਰਭੀ ਮਲਿਕ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੁੱਢੇ ਨਾਲੇ ਦੇ ਨਾਲ ਨਾਲ ਥਾਂ ਦੀ ਹੱਦਬੰਦੀ ਦੁਬਾਰਾ ਕਰਨ, ਨਾਲ ਹੀ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹਟਾਉਣ ਲਈ ਵੀ ਕਿਹਾ। ਜੰਗਲਾਤ ਵਿਭਾਗ ਨੂੰ ਬੁੱਢੇ ਨਾਲੇ ਦੇ ਨਾਲ ਨਾਲ ਬੂਟੇ ਲਗਾਉਣ ਲਈ ਕਿਹਾ ਗਿਆ। ਇਸ ਦੇ ਲਈ ਮਨਰੇਗਾ ਮਜ਼ਦੂਰਾਂ ਦੀ ਮਦਦ ਲੈਣ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਬੁੱਢੇ ਨਾਲੇ ਲਈ ਬਣਾਈ ਗਈ ਟਾਕਸ ਫੋਰਸ ਮੈਂਬਰ ਜਸਜੀਤ ਸਿੰਘ ਗਿੱਲ ਨੇ ਸੁਝਾਅ ਦਿੱਤਾ ਸੀ ਕਿ ਬੁੱਢੇ ਨਾਲੇ ਦਾ 34 ਕਿੱਲੋਮੀਟਰ ਦਾ ਏਰੀਆ ਹੈ। ਜਿਥੇ 2 ਲੱਖ ਬੂਟੇ ਲੱਗ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਬੁੱਢੇ ਨਾਲੇ ਦੇ ਨਾਲ ਹੋਏ ਕਬਜ਼ੇ ਨੂੰ ਹਟਾਉਣ ਬਹੁਤ ਜ਼ਰੂਰੀ ਹੈ।