ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਪਰੈਲ
ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨਾਲ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਸਾਹਨੇਵਾਲ, ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ , ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਅਤੇ ਮਨੋਜ ਕੁਮਾਰ ਨੇ ਦੱਸਿਆ ਕਿ ਸਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾ ਦੇ ਆਰਡਰ ਜਾਰੀ ਕਰਨ ਅਤੇ ਰਹਿੰਦੀਆਂ ਪ੍ਰਮੋਸ਼ਨਾਂ ਜਲਦ ਕਰਨ , ਨਾਨ ਟੀਚਿੰਗ, ਈਟੀਟੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾ ਜਲਦ ਕਰਨ , ਨਵੀਂ ਅਪਗਰੇਡ ਸਕੂਲਾਂ ਵਿੱਚ ਪੋਸਟਾਂ ਦਿੱਤੀਆਂ ਜਾਣ, ਮੁੱਖ ਅਧਿਆਪਕਾਂ ਦੀਆਂ ਪਦਉੱਨਤੀਆਂ ਸਬੰਧੀ ਕੋਰਟ ਵਿੱਚ ਪ੍ਰਮੋਸ਼ਨਾਂ ਕਰਨ ਦੀ ਆਗਿਆ ਲੈਣ ਸਬੰਧੀ, 2018 ਦੇ ਸਰਵਿਸ ਰੂਲ ਰੱਦ ਕਰ ਕੇ ਪੁਰਾਣੇ ਰੂਲ ਬਹਾਲ ਕਰਨ, ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਦਾ 75 ਫੀਸਦੀ ਕੋਟਾ ਬਹਾਲ ਕਰਨਾ, ਸਮਾਂ ਬੱਧ ਪ੍ਰਮੋਸ਼ਨ ਨੀਤੀ ਲਾਗੂ ਕਰਨਾ, ਵਾਈਸ ਪ੍ਰਿੰਸੀਪਲ, ਉਪ ਮੁੱਖ ਅਧਿਆਪਕ ਤੇ ਮਿਡਲ ਸਕੂਲਾਂ ਵਿੱਚ ਵੀ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਦੇਣਾ , ਤਰਸ ਦੇ ਆਧਾਰ ’ਤੇ ਨਿਯੁਕਤੀ ਲੈਣ ਵਾਲੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣਾ ਅਤੇ ਟਾਇਪਿੰਗ ਸਪੀਡ ਵੀ ਘੱਟ ਕਰਨਾ, ਸਕੂਲਾਂ ਤੋਂ ਬਾਹਰ ਕੀਤੇ ਅਧਿਆਪਕਾਂ ਨੂੰ ਵਾਪਸ ਸਕੂਲ ਭੇਜਣਾ ਅਤੇ ਸਾਰੇ ਅਣਲੋੜੀਂਦੇ ਪ੍ਰਾਜੈਕਟ ਬੰਦ ਕਰਨਾ ਆਦਿ ਮੰਗਾਂ ’ਤੇ ਸਹਿਮਤੀ ਬਣੀ ਤੇ ਜਲਦ ਹੀ ਇਹਨਾ ਨੂੰ ਅਮਲੀ ਰੂਪ ਦੇਣ ਦਾ ਭਰੋਸਾ ਦਿੱਤਾ।