ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਗਸਤ
ਇਥੋਂ ਦੇ ਦੁੱਗਰੀ ਇਲਾਕੇ ’ਚ ਇੱਕ ਵਿਆਹੁਤਾ ਨੇ ਘਰ ਦੀ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਕੇ ਜਾਂਚ ਤੋਂ ਬਾਅਦ ਮ੍ਰਿਤਕ ਬਲਜੀਤ ਕੌਰ ਉਰਫ਼ ਸ਼ੈਲੀ ਦੀ ਲਾਸ਼ ਪੋਸਟਮਾਰਟਮ ਕਰਵਾ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ’ਚ ਬਲਜੀਤ ਕੌਰ ਦੇ ਪਿਤਾ ਨਵੀਂ ਦਿੱਲੀ ਦੇ ਪੰਜਾਬੀ ਬਾਗ ਵੈਸਟ ਵਾਸੀ ਜਸਬੀਰ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਬਲਜੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਹਰ ਛੋਟੀ-ਛੋਟੀ ਗੱਲ ’ਤੇ ਬਲਜੀਤ ਨਾਲ ਕੁੱਟਮਾਰ ਕਰਦਾ ਸੀ। ਜਸਬੀਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਲੜਕੀ ਸ਼ੈਲੀ ਦਾ ਇੱਕ ਲੜਕਾ ਉਦੈ ਸਿੰਘ ਤੇ ਲੜਕੀ ਹਰਨਾਮ ਕੌਰ ਹੈ। ਮੁਲਜ਼ਮ ਆਪਣੀ ਪਤਨੀ ਨੂੰ ਖਰਚੇ ਲਈ ਪੈਸੇ ਵੀ ਨਹੀਂ ਦਿੰਦਾ ਸੀ। 4-5 ਸਾਲ ਤੋਂ ਜਸਬੀਰ ਸਿੰਘ ਵੱਲੋਂ ਆਪਣੀ ਲੜਕੀ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਖਰਚਾ ਦਿੱਤਾ ਜਾਂਦਾ ਸੀ ਪਰ ਮੁਲਜ਼ਮ ਉਸ ’ਚੋਂ ਵੀ ਪੈਸੇ ਕੱਢ ਲੈਂਦਾ ਸੀ। 9 ਅਗਸਤ ਨੂੰ ਉਨ੍ਹਾਂ ਦੀ ਲੜਕੀ ਨਾਲ ਫੋਨ ’ਤੇ ਗੱਲ ਹੋਈ ਸੀ, ਉਸ ਸਮੇਂ ਵੀ ਉਹ ਬਹੁਤ ਪ੍ਰੇਸ਼ਾਨ ਸੀ ਤੇ 10 ਅਗਸਤ ਦੀ ਰਾਤ ਨੂੰ ਉਸਨੇ ਮਕਾਨ ਦੀ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਲਾਜ ਲਈ ਨਿੱਜੀ ਹਸਪਤਾਲ ’ਚ ਉਸਨੂੰ ਭਰਤੀ ਕਰਵਾਇਆ, ਜਿੱਥੇ ਵੀਰਵਾਰ ਨੂੰ ਉਸਨੇ ਦਮ ਤੋੜ ਦਿੱਤਾ। ਜਸਬੀਰ ਸਿੰਘ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਸਨੂੰ ਘਟਨਾ ਦੇ ਬਾਰੇ ’ਚ ਕੁਝ ਨਹੀਂ ਦੱਸਿਆ। ਸ਼ੈਲੀ ਦੀ ਮਾਸੀ ਪ੍ਰਭਜੋਤ ਕੌਰ ਜੋ ਲੁਧਿਆਣਾ ’ਚ ਰਹਿੰਦੀ ਹੈ, ਉਸਨੇ 11 ਅਗਸਤ ਦੀ ਸਵੇਰੇ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ।