ਸਤਵਿੰਦਰ ਬਸਰਾ
ਲੁਧਿਆਣਾ, 27 ਜੂਨ
ਕਰੋਨਾ ਮਹਾਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਐਤਵਾਰ ਦੀ ਚੱਲ ਰਹੀ ਤਾਲਾਬੰਦੀ ਅੱਜ ਖਤਮ ਹੋਣ ਤੋਂ ਬਾਅਦ ਜਿੱਥੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸੁੱਖ ਦਾ ਸਾਹ ਲਿਆ, ਉੱਥੇ ਮੁੱਖ ਬਾਜ਼ਾਰਾਂ ਵਿੱਚ ਮੁੜ ਰੌਣਕਾਂ ਪਰਤ ਆਈਆਂ ਹਨ। ਇਸ ਦੌਰਾਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀਆਂ ਵੀ ਸ਼ਰੇਆਮ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ।
ਲਾਗ ਵਾਲੀ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਨਅਤੀ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸ਼ਨਿੱਚਰਵਾਰ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਤਾਲਾਬੰਦੀ ਕੀਤੀ ਜਾਂਦੀ ਸੀ। ਸਥਾਨਕ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਪਾਸੇ ਧਿਆਨ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ ਐਤਵਾਰ ਦੀ ਤਾਲਾਬੰਦੀ ਖਤਮ ਕਰ ਦਿੱਤੀ ਹੈ। ਕਈ ਮਹੀਨਿਆਂ ਬਾਅਦ ਐਤਵਾਰ ਨੂੰ ਬਾਜ਼ਾਰ ਖੁੱਲ੍ਹਣ ਨਾਲ ਸ਼ਹਿਰ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਸਰਾਫਾ ਬਾਜ਼ਾਰ, ਦਾਲ ਬਾਜ਼ਾਰ, ਦਰੇਸੀ ਗਰਾਊਂ ਮਾਰਕੀਟ, ਫੀਲਡ ਗੰਜ, ਜਵਾਹਰ ਨਗਰ ਕੈਂਪ, ਸਰਾਭਾ ਨਗਰ ਮਾਰਕੀਟ ਆਦਿ ਵਿੱਚ ਗਾਹਕਾਂ ਦੀ ਪੂਰੀ ਚਹਿਲ-ਪਹਿਲ ਦਿਖਾਈ ਦਿੱਤੀ। ਦੁਕਾਨਦਾਰ ਵੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਕਾਫੀ ਖੁਸ਼ ਦਿਖਾਈ ਦਿੱਤੇ। ਦੇਸ਼ ਦੀ ਵਪਾਰਕ ਹੱਬ ਲੁਧਿਆਣਾ ਵਿੱਚ ਬਹੁਤੀ ਆਬਾਦੀ ਦਿਹਾੜੀਦਾਰ ਪ੍ਰਵਾਸੀ ਮਜ਼ਦੂਰਾਂ ਦੀ ਹੋਣ ਕਰਕੇ ਬਾਜ਼ਾਰਾਂ ਦੀਆਂ ਦੁਕਾਨਾਂ ਨਾਲੋਂ ਦੁਕਾਨਾਂ ਦੇ ਬਾਹਰ ਲੱਗੀਆਂ ਵੱਖ ਵੱਖ ਸਾਮਾਨ ਦੀਆਂ ਫੜ੍ਹੀਆਂ ’ਤੇ ਭੀੜ ਜ਼ਿਆਦਾ ਸੀ। ਪ੍ਰਸ਼ਾਸਨ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸ਼ਰਤ ’ਤੇ ਐਤਵਾਰ ਦੀ ਤਾਲਾਬੰਦੀ ਖਤਮ ਕੀਤੀ ਗਈ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਦੌਰਾਨ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਵੱਲੋਂ ਇਨ੍ਹਾਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਨ੍ਹਾਂ ਵੱਲੋਂ ਨਾ ਤਾਂ ਮੂੰਹ ’ਤੇ ਮਾਸਕ ਲਾਏ ਹੋਏ ਸਨ ਅਤੇ ਨਾ ਹੀ ਹੱਥਾਂ ਆਦਿ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਸੀ। ਬਾਜ਼ਾਰਾਂ ਵਿੱਚ ਵੀ ਲੋਕ ਇੱਕ-ਦੂਜੇ ਤੋਂ ਫਾਸਲਾ ਬਣਾ ਕਿ ਚੱਲਣ ਦੀ ਥਾਂ ਭੀੜ ਦੀ ਸ਼ਕਲ ਵਿੱਚ ਜਾ ਰਹੇ ਸਨ। ਕਈ ਬਾਜ਼ਾਰਾਂ ਵਿੱਚ ਵੱਡੇ ਵਾਹਨ ਆ ਜਾਣ ਕਰਕੇ ਕਈ-ਕਈ ਘੰਟੇ ਜਾਮ ਵੀ ਲੱਗਾ ਰਿਹਾ।