ਚਰਨਜੀਤ ਸਿੰਘ ਜਗਰਾਉਂ
ਜਗਰਾਉਂ, 13 ਫਰਵਰੀ
ਕਸਬਾ ਸਿੱਧਵਾਂ ਬੇਟ ਅਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ’ਚ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਸਵੱਖਤੇ ਹੀ ਆਪਣੇ ਸੈਂਕੜੇ ਹਮਾਇਤੀਆਂ ਦੇ ਨਾਲ ਘਰ-ਘਰ ਦਸਤਕ ਦਿੱਤੀ ਗਈ। ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਇਯਾਲੀ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀ ਤੇ ਹੁਣ ਵੀ ਇਹੋ ਹੈ। ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੋਇਆ ਹੈ, ਉਸਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਆਪਸੀ ਡਰਾਮੇਬਾਜ਼ੀਆਂ ’ਚ ਵੇਲਾ ਵਿਹਾਅ ਚੁੱਕੀ ਕਾਂਗਰਸ ਸਰਕਾਰ ਨੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ। ਉਨ੍ਹਾਂ ਗੱਗ ਕਲਾਂ ਸਮੇਤ 8 ਪਿੰਡਾਂ ਦੇ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ। ਜਗਰਾਉਂ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਲਕੇ ਦੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਪਿੰਡ ਅਲੀਗੜ੍ਹ, ਪੋਨਾਂ, ਮਲਕ ਅਤੇ ਜਗਰਾਉਂ ਪੱਤੀ ਦੇ ਲੋਕਾਂ ਨਾਲ ਰਾਬਤਾ ਕਰਦੇ ਹੋਏ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਜਿਹੜੀ ਪਾਰਟੀ ਦੇ ਮੰਤਰੀਆਂ, ਸੰਤਰੀਆਂ ਦੀ ਆਪਸ ’ਚ ਨਾ ਬਣ ਸਕੀ, ਉਹ ਪੰਜਾਬ ਦੀ ਭਲਾਈ ਲਈ ਕਿੱਥੋਂ ਸੋਚ ਸਕਦੇ ਹਨ? ਉਨ੍ਹਾਂ ਲੋਕਾਂ ਨੂੰ ਪੰਜਾਬ ਦਾ ਭਵਿੱਖ ਸੰਵਾਰਨ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਦਾਖਾ ਵਾਸੀ ਬਾਹਰੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ: ਇਯਾਲੀ
ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ): ਹਲਕਾ ਦਾਖਾ ਦੇ ਪਿੰਡ ਪਮਾਲ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਦਾਅਵਾ ਕੀਤਾ ਕਿ ਬਾਕੀ ਸਾਰੀਆਂ ਪਾਰਟੀਆਂ ਨੂੰ ਤਾਂ ਹਲਕਾ ਦਾਖਾ ਤੋਂ ਕੋਈ ਉਮੀਦਵਾਰ ਵੀ ਨਹੀਂ ਲੱਭਿਆ ਹੈ ਜਦਕਿ ਉਹ ਪਿਛਲੇ 20 ਸਾਲਾਂ ਤੋਂ ਹਲਕੇ ਦੀ ਸੇਵਾ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਹਰੀ ਉਮੀਦਵਾਰਾਂ ਦੇ ਸਹਾਰੇ ਕਬਜ਼ਾ ਕਰਨ ਵਾਲਿਆਂ ਨੂੰ ਦਾਖਾ ਹਲਕੇ ਦੇ ਲੋਕ ਮੂੰਹ ਨਹੀਂ ਲਾਉਣਗੇ। ਇਸ ਮੌਕੇ ਕੁਝ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿਧਾਇਕ ਇਯਾਲੀ ਨੇ ਪਿੰਡ ਈਸੇਵਾਲ, ਜਾਂਗਪੁਰ, ਭੈਣੀ ਗੁੱਜਰਾਂ ਸਮੇਤ ਕਈ ਹੋਰ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਅਤੇ ਭਰਵਾਂ ਸਮਰਥਨ ਮਿਲਣ ਦਾ ਦਾਅਵਾ ਵੀ ਕੀਤਾ।
ਜਥੇਦਾਰ ਗਾਬੜੀਆ ਦੀ ਚੋਣ ਮੁਹਿੰਮ ਨੂੰ ਸਮਰਥਨ
ਲੁਧਿਆਣਾ (ਗੁਰਿੰਦਰ ਸਿੰਘ): ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਚੋਣ ਮੁਹਿੰਮ ਵਿੱਚ ਕਈ ਆਗੂ ਸਰਗਰਮ ਹੋ ਗਏ ਹਨ ਜਿਸ ਨਾਲ ਉਨ੍ਹਾਂ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਰਜਨ ਦੇ ਕਰੀਬ ਚੋਣ ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿੱਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰ ਕੇ ਜਥੇਦਾਰ ਗਾਬੜੀਆ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਦਾਰ ਗਾਬੜੀਆ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਹਲਕਾ ਦੱਖਣੀ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ਲਈ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ।