ਮਾਛੀਵਾੜਾ: ਸਰਹਿੰਦ ਨਹਿਰ ’ਚੋਂ ਅੱਜ ਪੁਲੀਸ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਕੰਕਾਲ ਮਿਲਿਆ ਹੈ। ਇਸ ਸਬੰਧੀ ਬਹਿਲੋਲਪੁਰ ਪੁਲੀਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਸਰਹਿੰਦ ਨਹਿਰ ਵਿੱਚ ਇੱਕ ਵਿਅਕਤੀ ਦਾ ਪਿੰਜਰ ਪਿਆ ਹੈ ਜੋ ਪਾਣੀ ਦਾ ਵਹਾਅ ਘਟਣ ਕਾਰਨ ਕਿਨਾਰੇ ਨੇੜੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹਿਲੋਲਪੁਰ ਪੁਲ ਤੋਂ ਚਮਕੌਰ ਸਾਹਿਬ ਵੱਲ ਕੁਝ ਦੂਰੀ ’ਤੇ ਹੀ ਨਹਿਰ ’ਚੋਂ ਇੱਕ ਪਿੰਜਰ ਮਿਲਿਆ ਜਿਸ ਨੂੰ ਪੁਲੀਸ ਨੇ ਸ਼ਨਾਖ਼ਤ ਲਈ ਸਮਰਾਲਾ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਜਰ ਦੀਆਂ ਲੱਤਾਂ ’ਚ ਇੱਕ ਨੀਲੇ ਰੰਗ ਦਾ ਪਜਾਮਾ ਸੀ ਜਦਕਿ ਉਸਦੀ ਸ਼ਨਾਖ਼ਤ ਲਈ ਹੋਰ ਕੁਝ ਬਰਾਮਦ ਨਹੀਂ ਹੋਇਆ। ਸਹਾਇਕ ਥਾਣੇਦਾਰ ਅਨੁਸਾਰ ਇਸ ਪਿੰਜਰ ਦਾ ਪੋਸਟਮਾਰਟਮ ਅਤੇ ਡੀਐੱਨਏ ਟੈਸਟ ਵੀ ਕਰਵਾਇਆ ਜਾਵੇਗਾ। -ਪੱਤਰ ਪ੍ਰੇਰਕ