ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਦਸੰਬਰ
ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਜਿੱਤ ’ਤੇ ਲਾਡੋਵਾਲ ਟੌਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ’ਤੇ ਸੰਘਰਸ਼ਸ਼ੀਲ ਕਿਸਾਨਾਂ ਦਾ ਸਨਮਾਨ ਕਰਕੇ ਲੱਡੂ ਵੰਡੇ ਗਏ। ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਜਗਜੀਤ ਸਿੰਘ ਅਰੋੜਾ ਵੱਲੋਂ ਆਪਣੇ ਸਾਥੀਆਂ ਸਮੇਤ ਲਾਡੋਵਾਲ ਟੌਲ ਪਲਾਜ਼ਾ ’ਤੇ ਸਾਲ ਭਰ ਤੋਂ ਬੈਠੇ ਕਿਸਾਨ ਆਗੂਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ, ਉਨ੍ਹਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਰੋੜਾ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਦਿਵਾਉਣ ਵਾਲੇ ਇਹ ਸਾਰੇ ਅਸਲੀ ਸੂਰਮੇ ਹਨ ਤੇ ਅਜਿਹੇ ਯੋਧਿਆਂ ਦਾ ਸਨਮਾਨ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹਾਲੇ ਜੰਗ ਅਧੂਰੀ ਹੈ ਪਰ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੰਨਾ ਵੱਡਾ ਸੰਘਰਸ਼ ਤੇ ਹੋਈ ਜਿੱਤ ਇਤਿਹਾਸਕ ਕਾਰਨਾਮਾ ਹੈ, ਜਿਸਨੂੰ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਇਸ ਮੌਕੇ ਵਰਿੰਦਰਦੀਪ ਸਿੰਘ, ਰਾਜ ਕੁਮਾਰ ਸ਼ਰਮਾ, ਦਲਵਿੰਦਰ ਸਿੰਘ ਘੁੰਮਣ, ਹਰਨੇਕ ਸਿੰਘ ਗਿੱਲ, ਰਾਜ ਕਰਨ ਤਿਵਾਰੀ, ਗੁਰਪ੍ਰੀਤ ਭੀਖਣ ਅਤੇ ਹੈਰੀ ਛਤਵਾਲ਼ ਆਦਿ ਵੀ ਹਾਜ਼ਰ ਸਨ।