ਡੀ.ਪੀ.ਐੱਸ ਬੱਤਰਾ
ਸਮਰਾਲਾ, 14 ਜੁਲਾਈ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਠੇਕੇ ’ਤੇ ਸੇਵਾਵਾਂ ਨਿਭਾਅ ਰਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਕੀਤੀ ਗਈ ਹੜਤਾਲ ਅੱਜ ਪੰਜਵੇਂ ਦਿਨ ਵੀ ਬੀ.ਡੀ.ਪੀ.ਓ. ਦਫ਼ਤਰ ਸਮਰਾਲਾ ਵਿੱਚ ਜਾਰੀ ਰਹੀ। ਹੜਤਾਲ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਵਿੱਤੀ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਲਈ ਇਕ ਆਨਾ ਨਹੀਂ ਖਰਚਿਆਂ ਜਦੋਂ ਕਿ ਪਿੰਡਾਂ ਦਾ ਸਮੁੱਚਾ ਵਿਕਾਸ ਨਰੇਗਾ ਤਹਿਤ ਹੋਇਆ ਹੈ। ਪਰ ਪਿੰਡਾਂ ਦੇ 16 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਨਰੇਗਾ ਮੁਲਾਜ਼ਮ ਅੱਜ ਖੁਦ ਬੇਰੁਜ਼ਗਾਰ ਹਨ। ਪਿਛਲੇ ਚਾਰ ਸਾਲਾਂ ਤੋਂ ਨਰੇਗਾ ਮੁਲਾਜ਼ਮਾਂ ਨੂੰ ਲਗਾਤਾਰ ਸਰਕਾਰ ਵੱਲੋਂ ਲਾਰਿਆਂ ਵਿੱਚ ਰੱਖਿਆ ਜਾ ਰਿਹਾ। ਹੁਣ ਜਦੋਂ ਕੁਝ ਕਰਨ ਦਾ ਸਮਾਂ ਆਇਆ ਤਾਂ ਸਰਕਾਰ ਨੇ ਠੇਕਾ ਮੁਲਾਜ਼ਮਾਂ ਲਈ ਬਣਾਈ ਜਾ ਰਹੀ ਪਾਲਸੀ ਵਿੱਚੋਂ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਬਾਹਰ ਰੱਖਣ ਦਾ ਖਰੜਾ ਤਿਆਰ ਕਰਕੇ ਨਰੇਗਾ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਠੇਕੇ ’ਤੇ ਸੇਵਾਵਾਂ ਨਿਭਾਅ ਰਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਆਰੰਭੀ ਹੜਤਾਲ ਲਗਾਤਾਰ ਜਾਰੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ 16 ਜੁਲਾਈ ਨੂੰ ਜ਼ਿਲ੍ਹਾ ਪੱਧਰ ’ਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਬਜ਼ਾਰਾਂ ਵਿਚ ਲੰਬੇ ਮਾਰਚ ਉਪਰੰਤ ਫੂਕੀ ਜਾਵੇਗੀ ਅਤੇ 22 ਜੁਲਾਈ ਨੂੰ ਵਿਕਾਸ ਭਵਨ ਮੁਹਾਲੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਗਠਿਤ ਕੀਤੀ ਕਮੇਟੀ ਤੇ ਪੰਚਾਇਤ ਮੰਤਰੀ ਨਾਲ ਪੈਨਲ ਮੀਟਿੰਗ ਨਹੀਂ ਕਰਵਾਈ ਜਾਂਦੀ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਹਰਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਚਰਨ ਸਿੰਘ, ਸ਼ਮਿੰਦਰ ਸਿੰਘ, ਗੌਰਵ ਵਰਮਾ, ਸੁਮਨਜੀਤ ਸਿੰਘ, ਨਿਰਭੈ ਸਿੰਘ ਆਦਿ ਹਾਜ਼ਰ ਸਨ।