ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 18 ਜੁਲਾਈ
ਇੱਥੋਂ ਦੀ ਰੋਟਰੀ ਕਲੱਬ ਵੱਲੋਂ ਸਥਾਨਕ ਜੈਨ ਸਮਾਧ ਵਿੱਚ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਸਾਂਝੀ ਸੱਥ ਮੁਹਿੰਮ ਦੌਰਾਨ, ‘ਨਸ਼ੇ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ’ , ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜ਼ਿਲ੍ਹਾ ਗਵਰਨਰ ਐਡਵੋਕੇਟ ਗੁਲਬਹਾਰ ਰਟੌਲ ਦੀ ਰਹਿਮਨੁਮਾਈ ਅਧੀਨ ਕਰਵਾਏ ਗਏ ਸੈਮੀਨਾਰ ਦੇ ਉਦਾਘਟਨੀ ਤੇ ਸਮਾਪਤੀ ਸੈਸ਼ਨਾਂ ਦੀ ਪ੍ਰਧਾਨਗੀ ਐੱਸਪੀ (ਐੱਚ) ਕੁਲਦੀਪ ਸਿੰਘ ਸੋਹੀ ਅਤੇ ਡਾ. ਪੁਨੀਤ ਹਿੰਦ ਨੇ ਕੀਤੀ ਅਤੇ ਐੱਸਐੱਸਪੀ ਮਾਲੇਰਕੋਟਲਾ ਅਲਕਾ ਮੀਨਾ ਮੁੱਖ ਮਹਿਮਾਨ ਸਨ। ਮੰਚ ਸੰਚਾਲਨ ਰੋਟੇਰੀਅਨ ਵੇਨੂੰ ਗੋਪਾਲ ਨੇ ਕੀਤਾ। ਸਮਾਗਮ ਦੌਰਾਨ ਐੱਸਐੱਸਪੀ ਅਲਕਾ ਮੀਨਾ ਵੱਲੋਂ ਕੀਤੀ ਅਪੀਲ ਨੂੰ ਭਰਵਾਂ ਹੁੰਗਾਰਾ ਭਰਦਿਆਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਅਹਿਦ ਕੀਤਾ ਕਿ ਲੋਕਾਂ ਵਿੱਚ ਨਸ਼ਿਆਂ ਦੇ ਕਾਰਨਾਂ ਤੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਕੱਠੇ ਹੋ ਕੇ ਹੰਭਲਾ ਮਾਰਨਗੇ। ਇਸ ਮੌਕੇ ਐੱਸਐੱਸਪੀ ਅਲਕਾ ਮੀਨਾ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਜਸਵਿਂਦਰ ਸ਼ਰਮਾ ਨੇ ਸਬੰਧਨ ਕੀਤਾ।