ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਅਕਤੂਬਰ
ਮਾਛੀਵਾੜਾ ਇਲਾਕੇ ਦੀ ਵਿਦਿਅਕ ਸੰਸਥਾ ਨੈਸ਼ਨਲ ਕਾਲਜ ਫਾਰ ਵਿਮੈਨ ਵਿਚ ਹੋਏ ਲੱਖਾਂ ਰੁਪਏ ਦੇ ਘਪਲੇ ਦੀਆਂ ਸੁਰਖ਼ੀਆਂ ਦੀ ਸਿਆਹੀ ਅਜੇ ਫਿੱਕੀ ਨਹੀਂ ਪਈ ਸੀ ਕਿ ਅੱਜ ਇਸ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਅਧਿਆਪਕਾਂ ਨੇ ਅਸਤੀਫ਼ਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਮਾਛੀਵਾੜਾ ਦਾ ਨੈਸ਼ਨਲ ਕਾਲਜ ਜਿਸ ਨੂੰ ਸਰਕਾਰੀ ਕਾਲਜ ਦਾ ਦਰਜਾ ਮਿਲ ਚੁੱਕਾ ਹੈ ਪਰ ਇਸ ਦੀ ਪ੍ਰਬੰਧਕ ਕਮੇਟੀ ਅਧੀਨ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਚੱਲਦਾ ਹੈ। ਸਕੂਲ ਦੇ 15 ਅਧਿਆਪਕਾਂ ਤੇ ਸਟਾਫ਼ ਵੱਲੋਂ ਜੋ ਅਸਤੀਫ਼ਾ ਦਿੱਤਾ ਗਿਆ ਉਸ ’ਚ ਲਿਖਿਆ ਗਿਆ ਕਿ ਉਹ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਤਾਨਾਸ਼ਾਹ ਰਵੱਈਏ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਕੁ ਕਮੇਟੀ ਮੈਂਬਰ ਵਾਰ-ਵਾਰ ਸਕੂਲ ਛੱਡਣ ਦੀਆਂ ਧਮਕੀਆਂ ਵੀ ਦਿੰਦੇ ਰਹੇ। ਪ੍ਰਬੰਧਕ ਕਮੇਟੀ ਦੇ ਪ੍ਰੇਸ਼ਾਨ ਹੋਏ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਇਹ ਅਸਤੀਫ਼ਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਭੇਜ ਦਿੱਤਾ ਗਿਆ। ਇਸ ਸਬੰਧੀ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਅਸਤੀਫ਼ਾ ਦੇ ਦਿੱਤਾ ਹੈ ਪਰ ਉਹ ਇਸ ਸਬੰਧੀ ਮੀਡੀਆ ਨੂੰ ਕੋਈ ਵੀ ਬਿਆਨ ਨਹੀਂ ਦੇਣਾ ਚਾਹੁੰਦੇ। ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਸਕੂਲ ਦੀ ਖਾਲੀ ਪਈ ਜ਼ਮੀਨ ਵੇਚਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਮੀਟਿੰਗ ’ਚ ਮੌਜੂਦ ਕਮੇਟੀ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਸਕੂਲ ਦੀ ਇਹ ਜਗ੍ਹਾ ਭਵਿੱਖ ’ਚ ਵਿਦਿਆਰਥੀਆਂ ਦੇ ਕੰਮ ਆਵੇਗੀ ਇਸ ਲਈ ਉਹ ਜ਼ਮੀਨ ਨੂੰ ਵੇਚਣ ਦਾ ਵਿਰੋਧ ਕਰਦੇ ਹਨ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਵਿਕਣ ਨਹੀਂ ਦੇਣਗੇ।
ਮੁਲਾਜ਼ਮਾਂ ਦੇ ਗਿਲੇ ਸ਼ਿਕਵੇ ਦੂਰ ਕਰ ਲਏ ਜਾਣਗੇ: ਮੱਕੜ
ਨੈਸ਼ਨਲ ਕਾਲਜ ਫਾਰ ਵਿਮੈਨ ਪ੍ਰਬੰਧਕ ਕਮੇਟੀ ਦੇ ਮੈਂਬਰ ਜੇਪੀ ਸਿੰਘ ਮੱਕੜ ਨੇ ਕਿਹਾ ਕਿ ਸਕੂਲ ਦੇ ਜੋ ਅਧਿਆਪਕ ਤੇ ਸਟਾਫ਼ ਹੈ ਉਨ੍ਹਾਂ ਨਾਲ ਜੋ ਵੀ ਗਿਲੇ-ਸ਼ਿਕਵੇ ਹਨ ਉਹ ਦੂਰ ਕਰ ਲਏ ਜਾਣਗੇ ਅਤੇ ਜੇ ਉਨ੍ਹਾਂ ਦੀ ਕੋਈ ਜਾਇਜ਼ ਮੰਗ ਹੋਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ।