ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 16 ਮਈ
ਸਾਹਿਤ ਕਲਾ ਮੰਚ ਅਹਿਮਦਗੜ੍ਹ ਦੇ ਚੇਅਰਮੈਨ ਨਿਰਭੈ ਸਿੰਘ ਅਮਰਪੁਰੀ ਦੀ ਰਹਿਨੁਮਾਈ ਹੇਠ ਇਲਾਕੇ ਦੇ ਗੀਤਕਾਰ ਸੁਭਾਸ਼ ਮਿੱਤਲ ਮੰਡੀ ਵਾਲਾ ਦਾ ਰੂ ਬੂ ਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਦੇਵ ਥਰੀਕੇ ਵਾਲਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਮੰਚ ਦੇ ਪ੍ਰਧਾਨ ਅਮਨਦੀਪ ਸਿੰਘ ਦਰਦੀ ਨੇ ਦੱਸਿਆ ਕਿ ਸੁਭਾਸ਼ ਮਿੱਤਲ ਵੱਲੋਂ ਪਿਛਲੇ ਤਿੰਨ ਦਹਾਕਿਆਂ ਦੌਰਾਨ ਲਿਖੇ ਛੇ ਹਜ਼ਾਰ ਤੋਂ ਵੱਧ ਗੀਤਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਦੇਵ ਥਰੀਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੂ-ਬ-ਰੂ ਦੌਰਾਨ ਮਿੱਤਲ ਮੰਡੀ ਵਾਲਾ ਨੇ ਆਪਣੇ ਸਾਹਿਤਕ ਸਫ਼ਰ ਦੀਆਂ ਖ਼ੂਬਸੂਰਤ ਯਾਦਾਂ ਸਾਂਝੀਆਂ ਕਰਦੇ ਹੋਏ, ਦਿਲ ਟੁੰਬਵੀਂ ਆਵਾਜ਼ ਵਿੱਚ ਲਗਾਤਾਰ ਚਾਰ ਗੀਤ ਸੁਣਾ ਕੇ ਆਪਣੀ ਬੁਲੰਦ ਆਵਾਜ਼ ਦਾ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਗ਼ਜ਼ਲਗੋ ਧਰਮਿੰਦਰ ਸ਼ਾਹਿਦ ਖੰਨਾ, ਨੌਜਵਾਨ ਸ਼ਾਇਰ ਪਾਲੀ ਖ਼ਾਦਿਮ, ਜਿੰਮੀ ਅਹਿਮਦਗੜ੍ਹ ਨੇ ਆਪਣੇ ਆਪਦੇ ਫ਼ਨ ਦਾ ਮੁਜ਼ਾਹਰਾ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼ਾਇਰ ਕਰਮ ਸਿੰਘ ਜ਼ਖ਼ਮੀ ਨੇ ਇਸ ਮੌਕੇ ਗ਼ਜ਼ਲ ਸੁਣਾਈ।