ਸਤਵਿੰਦਰ ਬਸਰਾ
ਲੁਧਿਆਣਾ, 29 ਜੁਲਾਈ
ਮੰਗਲਵਾਰ ਅਤੇ ਬੁੱਧਵਾਰ ਦੋ ਦਿਨ ਮੀਂਹ ਪੈਣ ਮਗਰੋਂ ਅੱਜ ਲੁਧਿਆਣਾ ਵਿੱਚ ਦਿਨ ਭਰ ਬੱਦਲ ਅਤੇ ਧੁੱਪ ਲੁਕਣਮੀਚੀ ਖੇਡਦੇ ਰਹੇ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਘਟ ਕੇ 30.4 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਤਾਪਮਾਨ ਘਟਣ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਲਿਆ ਹੈ।
ਬੀਤੇ ਦੋ ਦਿਨ ਪਏ ਮੀਂਹ ਨੇ ਜਿੱਥੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਚਿੱਕੜ ਕਰੀ ਰੱਖਿਆ ਉੱਥੇ ਅੱਜ ਦਾ ਦਿਨ ਖੁਸ਼ਗਵਾਰ ਰਿਹਾ।
ਪੂਰੇ ਦਿਨ ਕਈ ਵਾਰ ਸੰਘਣੀ ਬੱਦਲਵਾਈ ਹੋਈ ਅਤੇ ਕਈ ਵਾਰ ਇਨ੍ਹਾਂ ਬੱਦਲਾਂ ਵਿੱਚੋਂ ਸੂਰਜ ਝਾਤੀਆਂ ਮਾਰਦਾ ਰਿਹਾ। ਆਕਾਸ਼ ’ਤੇ ਬੱਦਲਾਂ ਨਾਲ ਬਣ ਰਹੀਆਂ ਸੋਹਣੀਆਂ ਆਕ੍ਰਿਤੀਆਂ ਵੀ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਕੁਦਰਤ ਦੇ ਇਨ੍ਹਾਂ ਦ੍ਰਿਸ਼ਾਂ ਨੂੰ ਆਪਣੇ ਚੇਤਿਆਂ ਵਿੱਚ ਵਸਾਉਣ ਲਈ ਲੋਕ ਮੋਬਾਈਲਾਂ ਵਿੱਚ ਤਸਵੀਰਾਂ ਵੀ ਖਿੱਚਦੇ ਦਿਖਾਈ ਦਿੱਤੇ। ਦੂਜੇ ਪਾਸੇ ਅੱਜ ਲੁਧਿਆਣਾ ਵਿੱਚ ਉਪਰਲਾ ਤਾਪਮਾਨ 30.4 ਜਦਕਿ ਹੇਠਲਾ ਤਾਪਮਾਨ 25 ਡਿਗਰੀ ਸੈਲਸੀਅਸ ਰਹਿ ਗਿਆ। ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ 8.30 ਵਜੇ ਤੱਕ 5.2 ਐੱਮਐੱਮ ਮੀਂਹ ਪਿਆ ਹੈ। ਬੀਤੇ ਦਿਨਾਂ ਦੇ ਭਰਵੇਂ ਮੀਂਹ ਕਾਰਨ ਸਵੇਰ ਦੇ ਸਮੇਂ ਨਮੀ 95 ਫੀਸਦ, ਜਦਕਿ ਸ਼ਾਮ ਵੇਲੇ 80 ਫੀਸਦ ਤੱਕ ਪਹੁੰਚ ਗਈ ਹੈ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟੁੱਟਵੀਂ ਬੱਦਲਵਾਈ ਰਹਿਣ ਅਤੇ ਕਿਤੇ ਕਿਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ।