ਸਤਵਿੰਦਰ ਬਸਰਾ
ਲੁਧਿਆਣਾ, 23 ਨਵੰਬਰ
ਪੰਜਾਬ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ 8ਵੀਂ ਸਬ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਅੱਜ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਗਿੱਲ ਵਿੱਚ ਸ਼ੁਰੂ ਹੋਈ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਲੜਕਿਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਬਰਨਾਲਾ ਨੂੰ 2-0 ਅੰਕਾਂ ਦੇ ਫਰਕ ਨਾਲ ਹਰਾਇਆ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ ਕੁੱਲ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਬੇਸਬਾਲ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਹੋਏ ਪਹਿਲੇ ਮੈਚ ਵਿੱਚ ਰੋਪੜ ਨੇ ਫਤਿਹਗੜ੍ਹ ਸਾਹਿਬ ਨੂੰ 1-0 ਨਾਲ, ਦੂਜੇ ਮੈਚ ਵਿੱਚ ਮਾਲੇਰਕੋਟਲਾ ਨੇ ਗੁਰਦਾਸਪੁਰ ਨੂੰ 1-0 ਨਾਲ, ਤੀਜੇ ਮੈਚ ਵਿੱਚ ਬਰਨਾਲਾ ਨੇ ਫਿਰੋਜ਼ਪੁਰ ਨੂੰ 2-1 ਨਾਲ, ਚੌਥੇ ਮੈਚ ਵਿੱਚ ਸੰਗਰੂਰ ਨੇ ਮੁਹਾਲੀ ਨੂੰ 4-2 ਨਾਲ, ਪੰਜਵੇਂ ਮੈਚ ਵਿੱਚ ਲੁਧਿਆਣਾ ਨੇ ਰੋਪੜ ਨੂੰ 13-11 ਨਾਲ, ਛੇਵੇਂ ਵਿੱਚ ਮੋਗਾ ਨੇ ਮਾਲੇਰਕੋਟਲਾ ਨੂੰ 10-0 ਨਾਲ, ਸੱਤਵੇਂ ਵਿੱਚ ਬਰਨਾਲਾ ਨੇ ਫਾਜ਼ਿਲਕਾ ਨੂੰ 7-2 ਨਾਲ, ਅੱਠਵੇਂ ਵਿੱਚ ਪਟਿਆਲਾ ਨੇ ਸੰਗਰੂਰ ਨੂੰ 6-3 ਅੰਕਾਂ ਦੇ ਫਰਕ ਨਾਲ ਹਰਾਇਆ। ਪਹਿਲਾ ਸੈਮੀਫਾਈਨਲ ਮੁਕਾਬਲਾ ਲੁਧਿਆਣਾ ਅਤੇ ਮੋਗਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਲੁਧਿਆਣਾ ਦੀ ਟੀਮ 25-6 ਦੇ ਵੱਡੇ ਫਰਕ ਨਾਲ ਜਿੱਤ ਕਿ ਫਾਈਨਲ ਵਿੱਚ ਪਹੁੰਚੀ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਬਰਨਾਲਾ ਨੇ ਪਟਿਆਲਾ ਨੂੰ 10-9 ਅੰਕਾਂ ਦੇ ਫਰਕ ਨਾਲ ਪਛਾੜ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਬਰਨਾਲਾ ਨੂੰ 2-0 ਨਾਲ ਪਛਾੜਦਿਆਂ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਤੀਜੇ ਸਥਾਨ ਲਈ ਮੋਗਾ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਮੁਕਾਬਲਾ 24 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਨਾਮ ਵੰਡ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਹਰਬੀਰ ਸਿੰਘ ਗਿੱਲ, ਗੁਰਦੀਪ ਸਿੰਘ ਜੱਸਲ, ਰਣਜੀਤ ਸਿੰਘ, ਵਨਇੰਦਰ ਸਿੰਘ, ਜਤਿੰਦਰ ਠਾਕੁਰ, ਸੂਰਜ, ਰਵੀ ਦੱਤ, ਨੀਰੂ ਅਤੇ ਹਰਜਿੰਦਰ ਕੌਰ ਹਾਜ਼ਰ ਸਨ।