ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਅਮਨ ਕਾਨੂੰਨ ਦੀ ਸਥਾਪਤੀ ਅਤੇ ਨਸ਼ਿਆਂ ਦੇ ਖਾਤਮੇ ਲਈ ਅੱਜ ਸੜਕਾਂ ’ਤੇ ਉੱਤਰੀ ਲੁਧਿਆਣਾ ਪੁਲੀਸ ਨੇ ਸ਼ਹਿਰ ਦੇ ਕਈ ਇਲਾਕਿਆਂ ’ਚ ਸਰਚ ਮੁਹਿੰਮ ਚਲਾਈ। ਇਸ ਸਰਚ ਮੁਹਿੰਮ ਦੀ ਕਮਾਂਡ ਪੀਏਪੀ ਫਿਲੌਰ ਦੀ ਡਾਇਰੈਕਟਰ ਤੇ ਏਡੀਜੀਪੀ ਅਨੀਤਾ ਪੁੰਜ ਦੇ ਹੱਥ ’ਚ ਰਹੀ। ਇਸ ਦੌਰਾਨ ਉਨ੍ਹਾਂ ਦੇ ਨਾਲ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਦੇ ਨਾਲ ਨਾਲ ਕਈ ਅਧਿਕਾਰੀ ਵੀ ਮੌਜੂਦ ਰਹੇ।
ਲੁਧਿਆਣਾ ਪੁਲੀਸ ਦੇ ਵੱਲੋਂ ਤਾਜਪੁਰ ਰੋਡ ਦੀ ਈਡਬਲਯੂਐੱਸ ਕਲੋਨੀ ਅਤੇ ਸੰਜੇ ਗਾਂਧੀ ਕਲੋਨੀ ਨੂੰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਹਰ ਗਲੀ ਦੇ ਹਰੇਕ ਘਰ ਦੀ ਤਲਾਸ਼ੀ ਲਈ ਗਈ। ਪੁਲੀਸ ਨੇ ਉਥੋਂ ਕੁਝ ਸ਼ੱਕੀਆਂ ਨੂੰ ਵੀ ਹਿਰਾਸਤ ’ਚ ਲਿਆ ਤੇ ਪੁੱਛਗਿਛ ਤੋਂ ਬਾਅਦ ਰਿਹਾਅ ਕਰ ਦਿੱਤਾ। ਜਦੋਂ ਕਿ ਕੁਝ ਵਾਹਨ ਪੁਲੀਸ ਨੇ ਸ਼ੱਕੀ ਮੰਨ ਕੇ ਕਬਜ਼ੇ ’ਚ ਲਏ ਹਨ ਜਿਨ੍ਹਾਂ ਬਾਰੇ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਹਰ ਥਾਣਾ ਇੰਚਾਰਜ ਨੇ ਆਪਣੇ ਇਲਾਕੇ ’ਚ ਸਰਚ ਮੁਹਿੰਮ ਚਲਾਈ ਤੇ ਜਿਨ੍ਹਾਂ ਇਲਾਕਿਆਂ ’ਚ ਸ਼ੱਕ ਸੀ, ਉਥੇ ਨਸ਼ਿਆਂ ਦੀ ਭਾਲ ਲਈ ਤਲਾਸ਼ੀ ਵੀ ਲਈ। ਏਡੀਜੀਪੀ ਅਨੀਤਾ ਪੁੰਜ ਦੇ ਨਾਲ ਨਾਲ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਵੀ ਖੁਦ ਸੜਕਾਂ ’ਤੇ ਰਹੇ ਤੇ ਸਵੇਰੇ ਡਵੀਜ਼ਨ ਨੰ. 7 ਦੇ ਇਲਾਕੇ ’ਚ ਪੁੱਜੇ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲੀਸ ਫੋਰਸ ਉਥੇ ਮੌਜੂਦ ਸੀ। ਉਨ੍ਹਾਂ ਉਥੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕੁਝ ਘਰਾਂ ’ਚ ਖ਼ੁਦ ਜਾ ਕੇ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਵੱਲੋਂ ਸੰਜੇ ਗਾਂਧੀ ਕਲੋਨੀ, ਈਡਬਲਯੂਐਸ ਕਲੋਨੀ, ਤਾਜਪੁਰ ਰੋਡ, ਚੰਡੀਗੜ੍ਹ ਰੋਡ ਦੇ ਨਾਲ ਨਾਲ ਮੋਤੀ ਨਗਰ ਤੇ ਆਪਸਾਸ ਦੇ ਇਲਾਕੇ ’ਚ ਤਲਾਸ਼ੀ ਲਈ ਗਈ। ਇਸ ਦੌਰਾਨ ਏਡੀਜੀਪੀ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਕੁਝ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਤੇ ਲੋਕਾਂ ਤੋਂ ਨਸ਼ੇ ਦੇ ਖਾਤਮੇ ਲਈ ਸੁਝਾਅ ਵੀ ਮੰਗੇ ਗਏ। ਇਸ ਤੋਂ ਇਲਾਵਾ ਪੁਲੀਸ ਦੇ ਵੱਲੋਂ ਟਿੱਬਾ ਰੋਡ, ਰਾਹੋਂ ਰੋਡ, ਸ਼ੇਰਪੁਰ ਚੌਕ ਤੇ ਆਸਪਾਸ ਦੇ ਇਲਾਕਿਆਂ ’ਚ ਵੀ ਸਰਚ ਮੁਹਿੰਮ ਚਲਾਈ ਗਈ। ਏਡੀਜੀਪੀ ਅਨੀਤਾ ਪੁੰਜ ਤੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਗੇ ਵੀ ਤਲਾਸ਼ੀ ਮੁਹਿੰਮਾਂ ਚੱਲਦੀਆਂ ਰਹਿਣਗੀਆਂ।