ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਸਤੰਬਰ
ਸਨਅਤੀ ਸ਼ਹਿਰ ਵਿੱਚ ਸ਼ਨਿੱਚਰਵਾਰ ਦੀ ਸਵੇਰੇ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ’ਚ ਅਚਾਨਕ ਆਏ ਇਸ ਬਦਲਾਅ ਤੋਂ ਬਾਅਦ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਪੂਰੇ ਜ਼ਿਲ੍ਹੇ ’ਚ ਸਵੇਰ ਤੋਂ ਰੁੱਕ ਰੁੱਕ ਕੇ ਮੀਂਹ ਪਿਆ। ਇਸ ਨਾਲ ਸ਼ਹਿਰ ’ਚ ਥਾਂ-ਥਾਂ ਪਾਣੀ ਵੀ ਭਰ ਗਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਲੋਕਾਂ ਨੂੰ ਸੜਕਾਂ ’ਤੇ ਫੈਲੇ ਚਿੱਕੜ ਕਾਰਨ ਹੋਈ। ਉਧਰ, ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ 2 ਦਿਨਾਂ ’ਚ ਮੀਂਹ ਪੈ ਸਕਦਾ ਹੈ। ਲੁਧਿਆਣਾ ’ਚ ਦਿਨ ਦਾ ਤਾਪਮਾਨ 31 ਡਿਗਰੀ ਰਿਹਾ। ਮੀਂਹ ਕਾਰਨ ਜ਼ਿਆਦਾ ਇਲਾਕਿਆਂ ’ਚ ਬਾਜ਼ਾਰ ਵਿੱਚ ਰੌਣਕ ਘੱਟ ਦੇਖਣ ਨੂੰ ਮਿਲੀ, ਸ਼ਾਮ ਹੁੰਦੇ ਹੀ ਬਾਜ਼ਾਰਾਂ ਵਿੱਚ ਖਾਣ ਪੀਣ ਵਾਲਿਆਂ ਦੁਕਾਨਾਂ ’ਤੇ ਭੀੜ ਨਜ਼ਰ ਆਈ। ਉਧਰ, ਸਵੇਰ ਤੋਂ ਹੀ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ, ਹਾਲਾਂਕਿ ਮੀਂਹ ਦੀ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਪਾਣੀ ਨਾਲ ਨਾਲ ਹੀ ਨਿਕਲਦਾ ਰਿਹਾ ਪਰ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸੜਕਾਂ ’ਤੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਨਾਲ ਹੀ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਝੱਲਣੀ ਪਈ।
ਦਰਅਸਲ, ਲੁਧਿਆਣਾ ’ਚ ਸ਼ਨਿੱਚਰਵਾਰ ਨੂੰ ਸਵੇਰੇ ਤਕਰੀਬਨ 5 ਵਜੇ ਮੀਂਹ ਪੈ ਰਿਹਾ ਸੀ, ਰੁੱਕ ਰੁੱਕ ਕੇ ਪੈ ਰਹੇ ਮੀਂਹ ਨਾਲ ਪਾਣੀ ਭਰਨ ਵਾਲੀ ਸਥਿਤੀ ਨਹੀਂ ਹੋਈ। ਲੋਕ ਵੀਕਐਂਡ ਹੋਣ ਕਾਰਨ ਮੌਸਮ ਦਾ ਮਜ਼ਾ ਲੈ ਰਹੇ ਸਨ। ਬਹੁਤੇ ਲੋਕ ਸ਼ਹਿਰ ਤੋਂ ਬਾਹਰ ਘੁੰਮਣ ਜਾਣ ਦੀ ਯੋਜਨਾ ਬਣਾਉਂਦੇ ਦਿਖਾਈ ਦਿੱਤੇ ਪਰ ਮੌਸਮ ’ਚ ਆਈ ਠੰਡਕ ਕਾਰਨ ਸ਼ਹਿਰ ਵਾਸੀ ਘਰਾਂ ’ਚ ਰਹੇ। ਮੀਂਹ ਨੇ ਸ਼ਹਿਰ ਦੀਆਂ ਕੁਝ ਥਾਵਾਂ ’ਤੇ ਪਿਕਨਿਕ ਵਰਗਾ ਮਾਹੌਲ ਬਣਾ ਦਿੱਤਾ।
ਵਿਕਾਸ ਕਾਰਜਾਂ ਵਾਲੀ ਥਾਂ ’ਤੇ ਲੋਕ ਜ਼ਿਆਦਾ ਪ੍ਰੇਸ਼ਾਨ
ਸਨਅਤੀ ਸ਼ਹਿਰ ਵਿੱਚ ਕਈ ਥਾਵਾਂ ’ਤੇ ਵਿਕਾਸ ਕਾਰਜ ਚੱਲ ਰਹੇ ਹਨ, ਉਥੇ ਮੀਂਹ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਜਦੋਂ ਮੀਂਹ ਸ਼ੁਰੂ ਹੋਇਆ ਤਾਂ ਵਿਕਾਸ ਕਾਰਜਾਂ ਵਾਲੀ ਥਾਂ ’ਤੇ ਆਵਾਜਾਈ ਪ੍ਰਭਾਵਿਤ ਹੋ ਗਈ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹੋਏ।