ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਲੁਧਿਆਣਾ ’ਚ ਉੱਚੀਆਂ ਉੱਚੀਆਂ ਇਮਾਰਤਾਂ ਤਾਂ ਬਣ ਗਈਆਂ ਹਨ ਪਰ ਨਗਰ ਨਿਗਮ ਕੋਲ ਹਾਲੇ ਤੱਕ ਹਾਈਡ੍ਰੌਲਿਕ ਪੌੜੀ ਵਾਲਾ ਫਾਇਰ ਟੈਂਡਰ ਨਹੀਂ ਹੈ। ਇਸ ਕਾਰਨ ਉੱਚੀਆਂ ਇਮਾਰਤਾਂ ’ਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਮੁਲਾਜ਼ਮਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਗਮ ਜਲਦੀ ਹੀ ਸ਼ਹਿਰ ਦੇ ਲਈ ਹ੍ਰਾਈਡ੍ਰੌਲਿਕ ਪੌੜੀ ਵਾਲਾ ਫਾਇਰ ਟੈਂਡਰ ਖਰੀਦਣ ਦੀ ਤਿਆਰੀ ’ਚ ਹੈ। ਫਾਇਰ ਟੈਂਡਰ ਖਰੀਦਣ ਤੋਂ ਪਹਿਲਾਂ ਨਿਗਮ ਵੱਖ-ਵੱਖ ਕੰਪਨੀਆਂ ਦੇ ਫਾਇਰ ਟੈਂਡਰਾਂ ਦਾ ਕੰਮ ਕਰਨ ਦਾ ਤਰੀਕਾ ਸਮਝਣਾ ਚਾਹੁੰਦਾ ਹੈ। ਬੁੱਧਵਾਰ ਨੂੰ ਨਿਗਮ ਨੇ ਜ਼ੋਨ-ਡੀ ’ਚ ਇੱਕ ਕੰਪਨੀ ਦੇ ਫਾਇਰ ਟੈਂਡਰ ਦੀ ਕਾਰਗੁਜ਼ਾਰੀ ਦੇਖੀ। ਨਿਗਮ ਦੀ ਖਰੀਦੋ ਫਰੋਖਤ ਕਮੇਟੀ ਨੇ ਟਰਾਇਲ ਤੋਂ ਬਾਅਦ ਹਾਈਡ੍ਰੌਲਿਕ ਪੌੜੀ ਨਾਲ ਲੈਸ ਫਾਇਰ ਟੈਂਡਰ ਦੀ ਤਕਨੀਕੀ ਜਾਣਕਾਰੀ ਲਈ। ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਹਾਈਡ੍ਰੌਲਿਕ ਪੌੜੀ ਵਾਲੇ ਫਾਇਰ ਟੈਂਡਰ ਨੂੰ ਮੰਗਵਾਇਆ ਜਾਵੇ। ਮੇਅਰ ਨੇ ਦੱਸਿਆ ਕਿ ਅਫ਼ਸਰਾਂ ਤੇ ਖਰੀਦੋ ਫਰੋਖਤ ਕਮੇਟੀ ਦੇ ਮੈਂਬਰਾਂ ਨੇ ਡੈਮੋ ਦੇਖੀ ਹੈ। ਹੁਣ ਉਸ ਦੇ ਤਕਨੀਕੀ ਪਹਿਲੂਆਂ ’ਤੇ ਚਰਚਾ ਕਰਨ ਤੋਂ ਬਾਅਦ ਖਰੀਦ ਦੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।