ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਫਰਵਰੀ
ਜ਼ਿਲ੍ਹੇ ਵਿੱਚ ਕੁੱਲ 14 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਹੁਣ 175 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਵੱਧ 19 ਉਮੀਦਵਾਰ ਹਲਕਾ ਸਾਹਨੇਵਾਲ ’ਚੋਂ ਵਿਧਾਨ ਸਭਾ ਚੋਣਾਂ ਲੜਨਗੇ। ਪਾਇਲ ਵਿੱਚ 18, ਲੁਧਿਆਣਾ (ਦੱਖਣੀ) ਵਿੱਚ 17, ਆਤਮ ਨਗਰ ਵਿੱਚ 15, ਲੁਧਿਆਣਾ (ਪੂਰਬੀ ਤੇ ਸਮਰਾਲਾ ’ਚ 14-14 ਉਮੀਦਵਾਰ ਹੋਣਗੇ, ਗਿੱਲ ਤੋਂ 11, ਖੰਨਾ, ਲੁਧਿਆਣਾ (ਉੱਤਰੀ), ਦਾਖਾ, ਰਾਏਕੋਟ ਤੇ ਜਗਰਾਉਂ ਤੋਂ 10-10, ਲੁਧਿਆਣਾ (ਕੇਂਦਰੀ) ਤੋਂ 9 ਤੇ ਲੁਧਿਆਣਾ (ਪੱਛਮੀ) ਹਲਕੇ ਤੋਂ 8 ਉਮੀਦਵਾਰ ਚੋਣ ਲੜਨਗੇ। ਇਨ੍ਹਾਂ ’ਚ ਲੁਧਿਆਣਾ ਪੱਛਮੀ ਤੇ ਸਾਹਨੇਵਾਲ ਤੋਂ ਤਿੰਨ, ਖੰਨਾ, ਲੁਧਿਆਣਾ ਉਤਰੀ ਤੇ ਪਾਇਲ ਤੋਂ 2-2 ਤੇ ਗਿੱਲ ਤੇ ਰਾਏਕੋਟ ਤੋਂ ਇੱਕ-ਇੱਕ ਨਾਮਜ਼ਦਗੀ ਵਾਪਸ ਲਿਆ ਗਿਆ ਹੈ। ਖੰਨਾ ਵਿਧਾਨ ਸਭਾ ਹਲਕੇ ’ਚ ਆਜ਼ਾਦ ਉਮੀਦਵਾਰ ਇੰਦਰਜੀਤ ਕੌਰ ਤੇ ਲਾਭ ਸਿੰਘ, ਸਾਹਨੇਵਾਲ ਤੋਂ ਇੰਦਰਜੀਤ ਸਿੰਘ, ਰੁਪਿੰਦਰ ਕੌਰ ਤੇ ਜਗਦੇਵ ਸਿੰਘ, ਲੁਧਿਆਣਾ ਪੱਛਮੀ ਤੋਂ ਜਤਿੰਦਰ ਕੁਮਾਰ, ਕ੍ਰਿਸ਼ਨ ਕੁਮਾਰ ਬਾਵਾ ਤੇ ਰੁਚੀ ਜੈਨ, ਉਤਰੀ ਤੋਂ ਵਰਿੰਦਰ ਕੁਮਾਰ ਤੇ ਪ੍ਰਦਪ ਸਿੰਘ, ਪਾਇਲ ਤੋਂ ਅਨਿਲ ਕੁਮਾਰ ਤੇ ਕੁਲਦੀਪ ਸਿੰਘ, ਗਿੱਲ ਤੋਂ ਪਰਮਿੰਦਰ ਸਿੰਘ ਤੇ ਰਾਏਕੋਟ ਤੋਂ ਸੁਖਵਿੰਦਰ ਸਿੰਘ ਚੁਣਾਵੀਂ ਮੈਦਾਨ ’ਚ ਪਿੱਛੇ ਹਟ ਗਏ ਹਨ।
ਆਜ਼ਾਦ ਉਮੀਦਵਾਰਾਂ ਨੂੰ ਇਹ ਚੋਣ ਨਿਸ਼ਾਨ ਮਿਲੇ
ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਹੱਥ ਵਾਲਾ ਗੱਡਾ, ਕਹੀ ਤੇ ਬੇਲਚਾ, ਬਾਲਟੀ, ਮੰਜੀ, ਬੱਲਾ, ਸਾਈਕਲ, ਗੈਸ ਸਿਲੰਡਰ, ਰੋਡ ਰੋਲਰ, ਗੰਨਾ ਕਿਸਾਨ, ਹੈਲੀਕਾਪਟਰ, ਪੈਟਰੋਲ ਪੰਪ, ਬੱਲਾ, ਕੰਪਿਊਟਰ, ਏਅਰ ਕੰਡੀਸ਼ਨਰ, ਦੂਰਬੀਨ, ਚੱਕੀ, ਟੈਲੀਫੋਨ, ਤੀਰ, ਟਰੱਕ, ਸਕੂਲ ਦਾ ਬਸਤਾ, ਡਿਸ਼ ਐਨਟੀਨਾ, ਆਰੀ, ਹਾਂਡੀ ਆਦਿ ਚੋਣ ਨਿਸ਼ਾਨ ਅਲਾਟ ਕੀਤੇ ਹਨ।