ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਫਰਵਰੀ
ਸਮਾਰਟ ਸ਼ਹਿਰ ਵਿੱਚੋਂ ਕੂੜੇ ਦੇ ਖ਼ਾਤਮੇ ਲਈ ਭਾਵੇਂ ਕਈ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਅਜੇ ਵੀ ਕਈ ਅਜਿਹੀਆਂ ਥਾਵਾਂ ’ਤੇ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ ਜਿੱਥੋਂ ਹੋਰ ਲੋਕਾਂ ਨੂੰ ਬਿਮਾਰੀਆਂ ਲੱਗਣ ਦੀਆਂ ਸੰਭਾਵਨਾਵਾਂ ਕਈ ਗੁਣਾਂ ਵੱਧ ਹਨ। ਸਥਾਨਕ ਚੰਡੀਗੜ੍ਹ ਰੋਡ ’ਤੇ ਸਬਜ਼ੀ ਮੰਡੀ ਨੇੜੇ ਬਣਿਆ ਕੂੜਾ ਡੰਪ ਇਨ੍ਹਾਂ ਵਿੱਚੋਂ ਇੱਕ ਹੈ।
ਜ਼ਿਲ੍ਹੇ ਵਿੱਚ ਰੋਜ਼ਾਨਾ ਕਈ ਹਜ਼ਾਰ ਟਨ ਕੂੜਾ ਲੋਕਾਂ ਦੇ ਘਰਾਂ, ਫੈਕਟਰੀਆਂ ਆਦਿ ਵਿੱਚੋਂ ਨਿਕਲਦਾ ਹੈ। ਇਸ ਦਾ ਨਿਪਟਾਰਾ ਸਬੰਧਿਤ ਵਿਭਾਗਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਨੂੰ ਸਾਂਭਣ ਲਈ ਕਈ ਤਰ੍ਹਾਂ ਦੇ ਨਵੇਂ ਪ੍ਰਾਜੈਕਟ ਵੀ ਸ਼ੁਰੂ ਕੀਤੇ ਹੋਏ ਹਨ ਪਰ ਫਿਰ ਵੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਕੂੜੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ। ਅਜਿਹਾ ਹੀ ਕੂੜਾ ਡੰਪ ਸਬਜ਼ੀ ਮੰਡੀ ਦੇ ਬਿਲਕੁਲ ਨੇੜੇ ਹੋਣ ਕਰ ਕੇ ਸਥਾਨਕ ਲੋਕਾਂ ਲਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਕੂੜਾ ਡੰਪ ’ਤੇ ਰੋਜ਼ਾਨਾ ਦਰਜਨਾਂ ਦੀ ਗਿਣਤੀ ਵਿੱਚ ਆਵਾਰਾ ਪਸ਼ੂ ਘੁੰਮਦੇ ਹਨ। ਸ਼ਾਮ ਸਮੇਂ ਸਬਜ਼ੀ ਮੰਡੀ ਵਿੱਚ ਗਾਹਕਾਂ ਗਿਣਤੀ ਵੱਧ ਹੁੰਦੀ ਹੈ ਅਤੇ ਕਈ ਵਾਰ ਇਹ ਅਵਾਰਾ ਪਸ਼ੂ ਵੀ ਸਬਜ਼ੀ ਮੰਡੀ ਵਿੱਚ ਆ ਕਿ ਵੜਦੇ ਹਨ। ਇਨ੍ਹਾਂ ਦੇ ਸੜਕਾਂ ’ਤੇ ਘੁੰਮਣ ਸਮੇਂ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਹ ਡੰਪ ਵਰਧਮਾਨ ਦੇ ਪਿੱਛੇ ਬਣਿਆ ਹੋਇਆ ਸੀ ਪਰ ਉੱਥੇ ਸਰਕਾਰੀ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਇੱਥੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣ ਲੱਗ ਪਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਕੂੜਾ ਡੰਪ ਨੂੰ ਰਿਹਾਇਸ਼ੀ ਇਲਾਕੇ ਵਿੱਚੋਂ ਚੁੱਕ ਕਿ ਕਿਤੇ ਦੂਰ ਬਣਾ ਦਿੱਤਾ ਜਾਵੇ।