ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਨਵੰਬਰ
ਪੰਜਾਬ ਸਰਕਾਰ ਵੱਲੋਂ ਸੀਵਰਮੈਨਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਨਾ ਕਰਨ ਵਿਰੁੱਧ ਮਿਉਂਸਿਪਲ ਕਰਮਚਾਰੀ ਦਲ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਮੁਲਾਜ਼ਮਾਂ ਨੇ ਅੱਜ ਨਗਰ ਨਿਗਮ ਜ਼ੋਨ-ਏ ਦੇ ਦਫ਼ਤਰ ਦੀ ਤਾਲਾਬੰਦੀ ਕਰਕੇ ਧਰਨਾ ਦਿੱਤਾ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦਾ ਪੁਤਲਾ ਫੂਕ ਕੇ ਗੇਟ ਰੈਲੀ ਕੀਤੀ।
ਚੇਅਰਮੈਨ ਵਿਜੈ ਦਾਨਵ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਿਗਮ ਦੇ ਸੀਵਰਮੈਨਾਂ ਅਤੇ ਸਫ਼ਾਈ ਕਰਮੀਆਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਕੀ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਪਰ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ ਅਤੇ ਹੋਰ ਦਰਜਾ ਚਾਰ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਲਵ ਦਰਾਵਿੜ, ਦੇਵ ਰਾਜ ਅਸੁਰ, ਮਹਿਕ ਸਿੰਘ ਚੌਹਾਨ, ਅਸ਼ਵਨੀ ਕਾਕਾ, ਬਨਾਰਸੀ ਲੰਬੜਦਾਰ, ਸਨੀ ਬਾਲੂ, ਵਿਜੇ ਚੌਹਾਨ, ਸੰਨੀ ਪਬਮੇ, ਅਜੇ ਲੋਹਟ, ਤਰਸੇਮ ਕੁਮਾਰ, ਸੁਨੀਲ ਹੰਸ ਅਤੇ ਕਨੋਜ ਦਾਨਵ ਆਦਿ ਵੀ ਹਾਜ਼ਰ ਸਨ।