ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਸਤੰਬਰ
ਇੱਥੇ ਨਗਰ ਕੌਂਸਲ ਵਿੱਚ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਦੀ ਇਕੱਤਰਤਾ ਗਰੀਬ ਦਾਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਮੁੱਚੇ ਸਫ਼ਾਈ ਸੇਵਕਾਂ ਤੇ ਸੀਵਰਮੈਨ ਕੱਚੇ ਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਪਾਲ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਗ ਪਿਛਲੀ ਸਰਕਾਰ ਸਮੇਂ 297 ਸਫਾਈ ਸੇਵਕ ਅਤੇ 105 ਸੀਵਰਮੈਨ ਦੀਆਂ ਕੰਟਰੈਕਟ ਬੇਸ ਦੀਆਂ ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਸੀ, ਜਿਨ੍ਹਾਂ ਵਿੱਚੋਂ ਨਗਰ ਕੌਂਸਲ ਖੰਨਾ ਵੱਲੋਂ 194 ਦੇ ਕਰੀਬ ਸਫ਼ਾਈ ਸੇਵਕ ਅਤੇ 49 ਸੀਵਰਮੈਨ ਰੱਖੇ ਜਾ ਚੁੱਕੇ ਹਨ। ਕੌਂਸਲ ਵੱਲੋਂ ਅਪਰੈਲ 2022 ਨੂੰ ਮਤਾ ਨੰਬਰ 13 ਪਾ ਕੇ ਭੇਜਿਆ ਗਿਆ ਸੀ ਜਿਸ ਵਿੱਚ ਸਥਾਨਕ ਸਰਕਾਰ ਵਿਭਾਗ ਨੂੰ 70 ਦੇ ਕਰੀਬ ਸਫ਼ਾਈ ਸੇਵਕਾਂ ਦੀਆਂ ਪੋਸਟਾਂ ਨੂੰ ਬੀਸੀ ਵਿੰਗ ਤੋਂ ਐੱਸਸੀ ਸਮਾਜ ਵਿੱਚ ਬਦਲਣ ਲਈ ਕਿਹਾ ਗਿਆ ਸੀ ਜੋ ਅੱਜ ਤੱਕ ਪਾਸ ਨਹੀਂ ਹੋਇਆ। ਇਸ ਤੋਂ ਇਲਾਵਾ 55 ਸੀਵਰਮੈਨਾਂ ਨੂੰ ਅੱਜ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਕਾਰਜਸਾਧਕ ਅਫ਼ਸਰ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਇਨ੍ਹਾਂ ਮੰਗਾਂ ਸਬੰਧੀ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ। ਮੀਟਿੰਗ ਦੌਰਾਨ ਰੁਲਦੂ ਰਾਮ ਨੂੰ ਸੀਵਰਮੈਨ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।