ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਅਗਸਤ
ਪੰਜਾਬ ਨਰਸਿੰਗ ਐਸੋਸੀਏਸ਼ਨ ਖੰਨਾ ਇਕਾਈ ਵੱਲੋਂ ਹਰਪਾਲ ਕੌਰ ਦੀ ਪ੍ਰਧਾਨਗੀ ਹੇਠਾਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਖੰਨਾ ਸਰਕਾਰੀ ਹਸਪਤਾਲ ’ਚ ਮਨਜ਼ੂਰ ਹੋ ਚੁੱਕੀਆਂ ਅਸਾਮੀਆਂ ਦੇ ਮੁਕਾਬਲੇ ਨਰਸਾਂ ਦਾ ਸਟਾਫ ਬਹੁਤ ਘੱਟ ਹੈ। ਜ਼ੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਖੋਲ੍ਹਣ ਦੇ ਬਾਵਜੂਦ ਸਟਾਫ ਨਹੀਂ ਤਾਇਨਾਤ ਕੀਤਾ ਗਿਆ, ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਤ ਵੇਲੇ ਨਰਸਿੰਗ ਸਟਾਫ ਦੀ ਸੁਰੱਖਿਆ ਦਾ ਕੋਈ ਪ੍ਰਬੰਧੀ ਨਹੀਂ ਹੈ। ਰਾਤ ਨੂੰ ਨਸ਼ੇੜੀ ਅਤੇ ਲੜਾਈ-ਝਗੜੇ ਵਾਲੇ ਮਰੀਜ਼ ਬਹੁਤ ਪ੍ਰੇਸ਼ਾਨ ਕਰਦੇ ਹਨ, ਜਿਸ ਕਾਰਨ ਨਰਸਿੰਗ ਸਟਾਫ਼ ਦੀ ਰਾਤ ਨੂੰ ਸੁਰੱਖਿਆ ਯਕੀਨੀ ਬਨਾਉਣ ਲਈ ਹਸਪਤਾਲ ਅੰਦਰ ਪੁਲੀਸ ਚੌਕੀ ਬਣਾਈ ਜਾਵੇ। ਹਸਪਤਾਲ ਵਿੱਚ ਇਕ ਹੀ ਨਰਸਿੰਗ ਸਿਸਟਰ ਹੈ, ਕਾਫੀ ਸਮੇਂ ਤੋਂ ਦੋ ਨਰਸਿੰਗ ਸਿਸਟਰ ਤੇ ਇਕ ਮੈਟਰਨ ਦੀ ਪੋਸਟ ਖਾਲੀ ਪਈ, ਦਰਜਾ ਚਾਰ ਮੁਲਾਜ਼ਮ ਵੀ ਬਹੁਤ ਘੱਟ ਹਨ, ਸਫ਼ਾਈ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਸਫ਼ਾਈ ਸਹੀ ਨਹੀਂ ਹੁੰਦੀ। ਵਿਧਾਇਕ ਸੌਂਦ ਨੇ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਜਲਦੀ ਮੰਗਾਂ ਪੂਰੀਆਂ ਕਰਵਾਉਣਗੇ। ਇਸ ਮੌਕੇ ਕਰਮ ਚੰਦ ਸ਼ਰਮਾ, ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ, ਡਾ. ਹਰਵਿੰਦਰ ਸਿੰਘ, ਡਾ. ਗੁਰਵਿੰਦਰ ਕੱਕੜ, ਡਾ. ਅਕਿੰਤ ਅਗਰਵਾਲ, ਡਾ. ਹਰਲੀਨ ਕੌਰ, ਬਲਵੀਰ ਸਿੰਘ ਤੇ ਹਮੇਸ਼ ਕੁਮਾਰ ਹਾਜ਼ਰ ਸਨ।