ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਪਰੈਲ
ਜ਼ਿਲ੍ਹੇ ਵਿਚ ਕੋਵਿਡ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਦੋਰਾਹਾ, ਖੰਨਾ, ਸਮਰਾਲਾ, ਮਾਛੀਵਾੜਾ ਅਤੇ ਕੋਹਾੜਾ ਵਿੱਚ ਲੋਕਾਂ ਨੂੰ ਕੋਵਿਡ ਮੈਗਾ ਟੀਕਾਕਰਨ ਕੈਂਪ ਸਮਰਪਿਤ ਕੀਤੇ ਤਾਂ ਜੋ ਪੇਂਡੂ ਇਲਾਕਿਆਂ ਵਿੱਚ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਵੈਕਸੀਨੇਸ਼ਨ ਮੁਹੱਈਆ ਕਰਵਾਈ ਜਾ ਸਕੇ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਾਰੇ 13 ਬਲਾਕਾਂ ਵਿੱਚ ਵੀ ਕੈਂਪ ਲਗਾਏ ਗਏ, ਜਿਸ ਵਿੱਚ ਲੁਧਿਆਣਾ-1, ਲੁਧਿਆਣਾ-2, ਜਗਰਾਉਂ, ਸਮਰਾਲਾ, ਡੇਹਲੋਂ, ਮਲੌਦ, ਪੱਖੋਵਾਲ, ਸਿੱਧਵਾਂ ਬੇਟ, ਸੁਧਾਰ ਅਤੇ ਰਾਏਕੋਟ ਸ਼ਾਮਲ ਹਨ। ਡਿਪਟੀ ਕਮਿਸ਼ਨਰ ਸਰਪੰਚਾਂ ਅਤੇ ਸਥਾਨਕ ਸੰਸਥਾਵਾਂ ਦੇ ਹੋਰ ਨੁਮਾਇੰਦਿਆਂ ਨੂੰ ਅਫਵਾਹਾਂ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।
ਰਾਏਕੋਟ (ਪੱਤਰ ਪ੍ਰੇਰਕ): ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਵੱਲੋਂ 45 ਸਾਲ ਤੋਂ ਉੱਪਰ ਵਾਲੇ ਵਿਅਕਤੀਆਂ ਦੇ ਵੈਕਸੀਨ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਰਾਧਾ ਸੁਆਮੀ ਸਤਸੰਗ (ਘਰ) ਬਿਆਸ ਰਾਏਕੋਟ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸੀਨੀਅਰ ਫਾਰਮਾਸਿਸਟ ਅਫਸਰ ਜਸਵਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ 18ਵਾਂ ਕੈਂਪ ਲਗਾਇਆ ਗਿਆ। ਇਸ ਮੌਕੇ 80 ਦੇ ਕਰੀਬ ਵਿਅਕਤੀਆਂ ਦੇ ਵੈਕਸੀਨ ਲਗਾਈ ਗਈ।
ਮਾਛੀਵਾੜਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਵਲੋਂ ਮਾਛੀਵਾੜਾ ਬਲਾਕ ਦੇ ਪਿੰਡਾਂ ’ਚ ਵਿਸ਼ੇਸ਼ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਅੱਜ 400 ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾਇਆ। ਇਸ ਟੀਕਾਕਰਨ ਮੁਹਿੰਮ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ’ਚ ਲਗਾਏ ਕੈਂਪ ’ਚ ਪੁੱਜੇ, ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਾ ਟੀਕਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ।
ਜਗਰਾਉਂ (ਪੱਤਰ ਪ੍ਰੇਰਕ): ਇੱਥੇ ਸਥਾਨਕ ਸਿਵਲ ਹਸਪਤਾਲ, ਸਿਵਲ ਹਸਪਤਾਲ ਹਠੂਰ ਅਤੇ ਸਿੱਧਵਾਂ ਬੇਟ ਦੀਆਂ ਟੀਮਾਂ ਵੱਲੋਂ ਆਪਣੇ ਆਪਣੇ ਅਧਿਕਾਰ ਖੇਤਰਾਂ ’ਚ ਕਰੋਨਾਂ ਸੈਂਪਲ ਲੈਣ ਅਤੇ ਟੀਕਾਕਰਨ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ ਲਈ ਸਰਗਰਮੀ ਨਾਲ ਕੈਂਪ ਲਗਾਏ ਜਾ ਰਹੇ ਹਨ। ਡਾ. ਪ੍ਰਦੀਪ ਮਹਿੰਦਰਾ ਨੇ ਦੱਸਿਆ ਕਿ ਕਰੋਨਾ ਨਾਲ ਨਜਿੱਠਣ ਲਈ ਜਿੱਥੇ ਸਿਹਤ ਵਿਭਾਗ ਦੇ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਅ ਰਹੀਆਂ ਹਨ, ਉੱਥੇ ਸਮਾਜਸੇਵੀ ਸੰਸਥਾਵਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ।