ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਐੱਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਚੇਅਰਮੈਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲਘਰ ਦੇ ਸਾਹਮਣੇ ਐੱਸਜੀਬੀ ਪਵਿੱਤਰ ਜੰਗਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਭੂਰੀ ਵਾਲੀ ਸੰਪਰਦਾਇ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮਹਾਪੁਰਸ਼ਾਂ ਤੋਂ ਇਲਾਵਾ ਫਾਊਂਡੇਸ਼ਨ ਦੇ ਸਮੂਹ ਪ੍ਰਬੰਧਕਾਂ ਨੇ ਕਈ ਏਕੜ ਖੇਤਾਂ ’ਚ ਦਰਜਨਾਂ ਕਿਸਮ ਦੇ ਬੂਟੇ ਲਗਾਏ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਜੀਵ-ਜੰਤੂਆਂ ਦੀ ਤੰਦਰੁਸਤੀ ਲਈ ਦਰੱਖਤਾਂ ਦੀ ਵੱਡੀ ਮਹੱਤਤਾ ਹੈ। ਦਮਦਮੀ ਟਕਸਾਲ ਤੋਂ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਵਾਲੇ, ਸੰਤ ਰਜ਼ਨੀਸ ਸਿੰਘ ਨੱਥੂਮਾਜਰੇ ਵਾਲਿਆਂ ਨੇ ਕਿਹਾ ਕਿ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਸਮਾਜ ਭਲਾਈ ਅਤੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਓਮਾ ਨੰਦ, ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਜੰਗਲ ’ਚ ਲਗਾਏ ਜਾਣ ਵਾਲੇ ਬੂਟਿਆਂ ਦੀ ਕਿਸਮਾਂ ਤੋਂ ਜਾਣੂ ਕਰਵਾਇਆ।