ਸਤਵਿੰਦਰ ਬਸਰਾ
ਲੁਧਿਆਣਾ, 5 ਅਕਤੂਬਰ
ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਪੂਰਬੀ ਦੇ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਮੁਜ਼ਾਹਰਾ ਕਰਦਿਆਂ ਯੋਗੀ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਯੂਪੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾ ਕੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਤਰਸੇਮ ਸਿੰਘ ਭਿੰਡਰ, ਕੁਲਦੀਪ ਫੌਜੀ, ਰਣਜੀਤ ਸਿੰਘ ਸੈਦੀ, ਧਰਮਿੰਦਰ ਫੌਜੀ, ਰਾਜਵਿੰਦਰ ਰਾਠੌਰ, ਚੰਦਰ ਭਾਰਦਵਾਜ, ਸੁੱਚਾ ਸਿੰਘ ਫਾਬੜਾ ਹਾਜ਼ਰ ਸਨ।
ਲੁਧਿਆਣਾ (ਗੁਰਿੰਦਰ ਸਿੰਘ): ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਥ ਅਕਾਲੀ ਦਲ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ ਜਦਕਿ ਮਾਡਲ ਟਾਊਨ ਦੇ ਦੁਕਾਨਦਾਰਾਂ ਨੇ ਰੋਸ ਮਾਰਚ ਕਰ ਕੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਯੂਥ ਅਕਾਲੀ ਦਲ ਦੇ ਕੌਮੀ ਬੁਲਾਰਾ ਤੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ ਜੋ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਵੱਖ ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਸਮਾਪਤ ਹੋਇਆ। ਇਸ ਮੌਕੇ ਸ੍ਰੀ ਗੋਸ਼ਾ ਨੇ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਗਗਨਦੀਪ ਸਿੰਘ ਗਿਆਸਪੁਰਾ, ਹਰਮਨਪ੍ਰੀਤ ਸਿੰਘ ਅਰਨੇਜਾ, ਯੁਵਰਾਜ ਸਿੰਘ ਮੈਕੀ, ਹਰਜੀਤ ਸਿੰਘ ਬੌਬੀ, ਮਨਿੰਦਰਪਾਲ ਸਿੰਘ ਪਾਲੀ ਅਤੇ ਰਜਿਤ ਸ਼ਰਮਾ ਸਮੇਤ ਕਈ ਆਗੂ ਹਾਜ਼ਰ ਸਨ। ਇਸ ਦੌਰਾਨ ਮਾਡਲ ਟਾਊਨ ਮਾਰਕੀਟ ਗੁਲਾਟੀ ਚੌਕ ਦੇ ਦੁਕਾਨਦਾਰਾਂ ਵੱਲੋਂ ਲਖ਼ੀਮਪੁਰ ਵਿੱਚ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਭਾਜਪਾ ਆਗੂਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਲਖੀਮਪੁਰ-ਖੀਰੀ ਵਿੱਚ ਵਾਪਰੀ ਘਟਨਾ ਖ਼ਿਲਾਫ਼ ਪਿੰਡ ਐਤੀਆਣਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਰਪੰਚ ਲਖਵੀਰ ਸਿੰਘ ਅਤੇ ਰਛਵਿੰਦਰ ਸਿੰਘ ਘੋਲਾ ਦੀ ਅਗਵਾਈ ਹੇਠ ਪਿੰਡ ਦੀ ਸੱਥ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ ਗਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਇੰਥੇ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਧਰਨਾ ਅੱਜ 370ਵੇਂ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਬੁਜਰਗ ਨੇ ਅੱਜ ਦੇ ਧਰਨੇ ਦੀ ਪ੍ਰਧਾਨਗੀ ਕੀਤੀ। ਸਭ ਤੋਂ ਪਹਿਲਾਂ 1972 ’ਚ ਅੱਜ ਦੇ ਦਿਨ ਮੋਗਾ ਗੋਲੀ ਕਾਂਡ ’ਚ ਸ਼ਹੀਦ ਹੋਏ ਵਿਦਿਆਰਥੀਆਂ ਹਰਜੀਤ ਅਤੇ ਸਵਰਨ ਸਮੇਤ ਚਾਰ ਹੋਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ, ਤਰਸੇਮ ਸਿੰਘ ਬੱਸੂਵਾਲ, ਪ੍ਰਧਾਨ ਹਰਚੰਦ ਸਿੰਘ ਢੋਲਣ ਤੇ ਧਰਮ ਸਿੰਘ ਸੂਜਾਪੁਰ ਨੇ ਲਖੀਮਪੁਰ ਖੀਰੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਰ ਕੀਤੀ।
ਭਾਜਪਾ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: ਰੌਣੀ
ਪਾਇਲ: ‘ਲਖੀਮਪੁਰ ਖੀਰੀ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਗੱਡੀਆਂ ਚੜ੍ਹਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਭਾਜਪਾ ਆਗੂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।’ ਇਹ ਗੱਲ ਬੀਕੇਯੂ ਕਾਦੀਆਂ ਇਕਾਈ ਪਿੰਡ ਰੌਣੀ ਦੇ ਪ੍ਰਧਾਨ ਸਿਮਰਜੀਤ ਸਿੰਘ ਰੌਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ। ਕਿਸਾਨਾਂ ਨੇ ਮੋਦੀ ਤੇ ਯੋਗੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲ਼ੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮੀਤ ਪ੍ਰਧਾਨ ਦਵਿੰਦਰ ਸਿੰਘ ਵਿਸਕੀ, ਨਿਰਮਲ ਸਿੰਘ, ਹਰਵਿੰਦਰ ਸਿੰਘ, ਨੰਬਰਦਾਰ ਬਲਦੇਵ ਸਿੰਘ,ਕਾਕਾ ਸਿੰਘ, ਦਵਿੰਦਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ। -ਪੱਤਰ ਪ੍ਰੇਰਕ