ਚਰਨਜੀਤ ਸਿੰਘ ਢਿੱਲੋਂ
ਜਗਰਾਉਂ,18 ਜੁਲਾਈ
ਹਲਕੇ ਦੇ ਪਿੰਡ ਲੱਖਾ ਦੀ ਪੰਚਾਇਤੀ ਮਾਲਕੀ 162 ਏਕੜ ਜ਼ਮੀਨ ਦੇ ਖੁਲਾਸੇ ਮਗਰੋਂ ਪਿੰਡ ਅਤੇ ਇਲਾਕੇ ਵਿੱਚ ਹੜਕੰਪ ਮੱਚ ਗਿਆ ਹੈ । ਸਰਪੰਚ ਜਸਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜ਼ਮੀਨ ਲੱਖਾ-ਹਠੂਰ ਮਾਰਗ ’ਤੇ ਲਗਦੀ ਹੈ, ਪਿੰਡ ਦੇ ਲੋਕਾਂ ਅਨੁਸਾਰ ਇਸ ਮਾਰਗ ’ਤੇ ਵਰ੍ਹਿਆਂ ਤੋਂ ਬਣਿਆ ਸ਼ੈਲਰ ਵੀ ਇਸੇ ਜ਼ਮੀਨ ’ਤੇ ਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਡੀਪੀਓ ਅਮਰਿੰਦਰਪਾਲ ਚੌਹਾਨ ਨੇ ਪੰਚਾਇਤ ਨੂੰ ਨਾਜਾਇਜ਼ ਕਬਜ਼ਾਕਾਰਾਂ ਤੋਂ ਇਹ ਜ਼ਮੀਨ ਛੁਡਾਉਣ ਲਈ ਪੰਚਾਇਤੀ ਮਤਾ ਪਾਉਣ ਲਈ ਆਖਿਆ ਤਾਂ ਸਾਰੀ ਪੰਚਾਇਤ ਨੇ ਇੱਕ ਮੈਂਬਰ ਨੂੰ ਛੱਡ ਕੇ ਦਸਤਖਤ ਕੀਤੇ । ਪਿੰਡ ਦੇ ਪੁਰਾਣੇ ਵਸਨੀਕਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ 1967 ਵਿੱਚ ਕੁੱਝ ਕਾਬਜ਼ ਲੋਕ ਆਪਣੇ ਹੱਕ ਵਿੱਚ ਕੇਸ ਜਿੱਤ ਗਏ ਸਨ । ਪੰਚਾਇਤੀ ਜ਼ਮੀਨ ਵਿੱਚ 40 ਦੇ ਕਰੀਬ ਮੋਟਰਾਂ (ਪਾਣੀ ਵਾਲੀਆਂ) ਲੱਗੀਆਂ ਹੋਈਆਂ ਹਨ। ਬਹੁ-ਗਿਣਤੀ ਪਰਿਵਾਰਾਂ ਵੱਲੋਂ ਕਬਜ਼ੇ ਵਾਲੀ ਜ਼ਮੀਨ ਅੱਗੇ ਤੋਂ ਅੱਗੇ ਵੇਚਣ ਦੀਆਂ ਖਬਰਾਂ ਹਨ ।
ਜ਼ਮੀਨ ਜੋ ਕਿ ਪਿੰਡ ਦੀ ਪੰਚਾਇਤ ਦੇ ਨਾਮ ਹੈ ਉਸ ਵਿੱਚ ਮੋਟਰਾਂ ਕਿਵੇਂ ਲੱਗ ਗਈਆਂ, ਜਿਨ੍ਹਾਂ ਪਰਿਵਾਰਾਂ ਨੇ ਆਪਣਾ ਹੱਕ ਆਖ ਵੇਚ ਦਿੱਤੀ ਹੈ ਉਨ੍ਹਾਂ ਦੀ ਰਜਿਸਟਰੀ ਕਿਵੇਂ ਹੋ ਗਈ। ਬੀਡੀਪੀਓ.ਅਮਰਿੰਦਰਪਾਲ ਚੌਹਾਨ ਅਨੁਸਾਰ ਇਸੇ ਵਰ੍ਹੇ ਫਰਵਰੀ ਵਿੱਚ ਜਦੋਂ ਪਿੰਡ ਦੀ ਜ਼ਮੀਨ ਦੇ ਰਿਕਾਰਡ ਦੀ ਪੜਤਾਲ ਕੀਤੀ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ, ਪਰ ਜ਼ਮੀਨ ਉਪਰ ਕਾਬਜ਼ ਲੋਕ ਇਸ ਬਾਰੇ ਜਾਣੂ ਸਨ ਕਿ ਜ਼ਮੀਨ ਦੀ ਅਸਲ ਮਾਲਕ ਪੰਚਾਇਤ ਹੈ।
ਮਾਲ ਅਤੇ ਬਿਜਲੀ ਵਿਭਾਗ ਸਮੇਤ ਕਈ ਸਰਕਾਰੀ ਵਿਭਾਗਾਂ ਨੂੰ ਇਸ ਚਰਚਿਤ ਜ਼ਮੀਨ ਸਬੰਧੀ ਆਉਂਦੇ ਦਿਨ੍ਹਾਂ ਵਿੱਚ ਜਵਾਬ ਦੇਣਾ ਹੋਵੇਗਾ। ਸਰਪੰਚ ਜਸਵੀਰ ਸਿੰਘ ਨੇ ਕਿਹਾ ਕਿ ਜੋ ਕਾਬਜ਼ਕਾਰ ਇਹ ਕਹਿੰਦੇ ਹਨ ਕਿ 1967 ਵਿੱਚ ਉਹ ਕੇਸ ਜਿੱਤ ਗਏ ਸਨ ਉਹ ਆਪਣੇ ਕੋਲ ਮੌਜੂਦ ਦਸਤਾਵੇਜ਼ ਪੇਸ਼ ਕਰ ਸਕਦੇ ਹਨ । ਅਦਾਲਤ ਵਿੱਚ ਚਾਰਾਜੋਈ ਸ਼ੁਰੂ ਹੋ ਗਈ ਹੈ। ਇਹ ਜ਼ਮੀਨ ਕਈਆਂ ਦੇ ਚਿਹਰਿਆਂ ਦੇ ਹਾਸੇ ਖੋਹ ਸਕਦੀ ਹੈ ।