ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਜੂਨ
ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਤੋਂ ਬਾਅਦ ਇਸ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇੱਥੇ ਥਾਣਾ ਸਿਟੀ ਮੂਹਰੇ ਚੱਲ ਰਿਹਾ ਧਰਨਾ ਜਾਰੀ ਹੈ। ਧਰਨੇ ਦੇ ਤਿੰਨ ਮਹੀਨੇ ਪੂਰੇ ਹੋਣ ’ਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੇ ਪ੍ਰਦਰਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਵੇਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੂੰ ਮਜਬੂਰ ਕੀਤਾ ਜਾ ਸਕੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਗਤ ਸਿੰਘ ਲੀਲਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਮਨਮੋਹਨ ਸਿੰਘ ਤਲਵੰਡੀ ਨੇ ਸੰਗੀਨ ਧਾਰਾਵਾਂ ਤਹਿਤ ਦਰਜ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਤਸ਼ੱਦਦ ਦੇ ਇਸ ਮਾਮਲੇ ਦੀ ਜਾਂਚ ’ਚ ਪੜਤਾਲੀਆ ਅਫ਼ਸਰ ਡੀਜੀਪੀ/ਐੱਚਆਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ‘ਕਲਾਸਿਕ ਕੇਸ’ ਦੱਸਿਆ ਸੀ। ਇਸੇ ਤਰ੍ਹਾਂ ਪੰਜਾਬ ਪੁਲੀਸ ਦੇ ਖੁਫੀਆ ਵਿੰਗ ਨੇ ਵੀ ਆਪਣੀ ਗੁਪਤ ਜਾਂਚ ’ਚ ਮੌਕੇ ਦੇ ਥਾਣਾ ਮੁਖੀ ਗੁਰਿੰਦਰ ਸਿੰਘ ਬੱਲ, ਏਐਸਆਈ ਰਾਜਵੀਰ ਸਿੰਘ, ਸਰਪੰਚ ਹਰਜੀਤ ਸਿੰਘ ਤੇ ਧਿਆਨ ਸਿੰਘ ਨੂੰ ਨਾਜਾਇਜ਼ ਹਿਰਾਸਤ ਅਤੇ ਝੂਠੇ ਕੇਸ ’ਚ ਫਸਾਉਣ ਲਈ ਜ਼ਿੰਮੇਵਾਰ ਦੱਸਿਆ ਸੀ। ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਜੱਗਾ ਸਿੰਘ ਨੇ ਕਿਹਾ ਕਿ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੁਰੰਤ ਕੀਤੀ ਜਾਣੀ ਬਣਦੀ ਹੈ ਜਿਵੇਂ ਕਿ ਆਮ ਲੋਕਾਂ ਨੂੰ ਮੁਕੱਦਮਾ ਦਰਜ ਹੋਣ ਸਾਰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਧਰਨੇ ’ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਪਰਮਿੰਦਰ ਸਿੰਘ ਪੰਡੋਰੀ, ਦਰਸ਼ਨ ਸਿੰਘ, ਨਿਹੰਗ ਬਲਦੇਵ ਸਿੰਘ ਪੰਡੋਰੀ, ਜਥੇਦਾਰ ਹਰੀ ਸਿੰਘ ਚਚਰਾੜੀ, ਰਾਮਤੀਰਥ ਸਿੰਘ ਲੀਲਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਫੌਜੀ, ਪੀੜਤ ਮਾਤਾ ਸੁਰਿੰਦਰ ਕੌਰ, ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਕੁੰਡਾ ਸਿੰਘ ਕਾਉਂਕੇ, ਜਸਪ੍ਰੀਤ ਸਿੰਘ ਢੋਲਣ ਨੇ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਅਤੇ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਣ ਤੱਕ ਸੰਘਰਸ਼ ਨੂੰ ਚਾਲੂ ਰੱਖਣ ਦਾ ਅਹਿਦ ਲਿਆ। ਧਰਨੇ ’ਚ ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਮਨੋਹਰ ਸਿੰਘ, ਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਮੋਰਚੇ ਦੀ ਕਾਮਯਾਬੀ ਲਈ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਨੁਕੜ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।