ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਅਪਰੈਲ
ਥਾਣੇ ਅੱਗੇ 37 ਦਿਨ ਤੋਂ ਚੱਲ ਰਹੇ ਧਰਨੇ ’ਚ ਸ਼ਾਮਲ ਜਨਤਕ ਜਥੇਬੰਦੀਆਂ ਦਾ ਸਬਰ ਜਵਾਬ ਦਿੰਦਾ ਦਿਖਾਈ ਦੇ ਰਿਹਾ ਹੈ। ਅੱਜ ਧਰਨੇ ਦੌਰਾਨ ਰੱਜ ਕੇ ਆਮ ਆਦਮੀ ਪਾਰਟੀ, ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਰਵਾਇਤੀ ਕਾਂਗਰਸ ਤੇ ਅਕਾਲੀ ਸਰਕਾਰਾਂ ਨਾਲੋਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਇਕਬਾਲ ਸਿੰਘ ਰਸੂਲਪੁਰ ਤੇ ਹੋਰਨਾਂ ਨੇ ਕਿਹਾ ਕਿ ਇਕ ਮਹੀਨੇ ਤੋਂ ਰੋਜ਼ਾਨਾ ਥਾਣੇ ਅੱਗੇ ਭੁੱਖ ਹੜਤਾਲ ’ਤੇ ਬੈਠਦੀ 75 ਸਾਲਾ ਮਾਤਾ ਸੁਰਿੰਦਰ ਕੌਰ ’ਤੇ ਵੀ ਕਿਸੇ ਨੂੰ ਤਰਸ ਨਹੀਂ ਆਇਆ। ਇਥੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਤਾ ਦੇ ਖ਼ੂਨ ਨਾਲ ਲਿਖਿਆ ਪੱਤਰ ਦੇਖ ਕੇ ਵੀ ਦਿਲ ਨਹੀਂ ਪਸੀਜਿਆ। ਉਨ੍ਹਾਂ ਕਿਹਾ ਕਿ ਇਹ ਪੱਤਰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਨੂੰ ਸੌਂਪਣ ਦਾ ਦਾਅਵਾ ਕੀਤਾ ਸੀ। ਪਰ ਲੱਗਦਾ ਹੁਣ ਇਹ ਪੱਤਰ ਵੀ ਕਿੱਧਰੇ ਸੁੱਟ ਦਿੱਤਾ ਗਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਇਕ ਮਹਿਲਾ ਹੋਣ ਦੇ ਬਾਵਜੂਦ ਔਰਤ ਦਾ ਦਰਦ ਮਹਿਸੂਸ ਨਹੀਂ ਕਰਦੀ। ਉਨ੍ਹਾਂ ਨੂੰ ਰੋਜ਼ਾਨਾ ਧਰਨੇ ਦੀਆਂ ਖ਼ਬਰਾਂ ਭੇਜੀਆਂ ਜਾਂਦੀਆਂ ਹਨ ਪਰ ਅੱਜ ਜਦੋਂ ਉਹ ਜਗਰਾਉਂ ’ਚ ਮੀਟਿੰਗ ਲਈ ਆਏ ਤਾਂ ਕਈ ਘੰਟੇ ਰੁਕਣ ਦੇ ਬਾਵਜੂਦ ਧਰਨੇ ’ਚ ਪੀੜਤ ਪਰਿਵਾਰ ਦੀ ਸਾਰ ਲੈਣ ਨਹੀਂ ਪੁੱਜੇ। ਜ਼ਿਕਰਯੋਗ ਹੈ ਕਿ ਕੁਲਵੰਤ ਕੌਰ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਇਹ ਅਣਮਿਥੇ ਸਮੇਂ ਦਾ ਧਰਨਾ ਚੱਲ ਰਿਹਾ ਹੈ।