ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਮਈ
ਕੁਲਵੰਤ ਕੌਰ ਰਸੂਲਪੁਰ ਮਾਮਲੇ ’ਚ ਇਥੇ ਥਾਣਾ ਸਿਟੀ ਅੱਗੇ ਚੱਲਦੇ ਧਰਨੇ ਤੇ ਭੁੱਖ ਹੜਤਾਲ ਦੇ ਬਾਵਜੂਦ ਨਾ ਸੁਣਵਾਈ ਹੋਣ ਤੇ ਨਾ ਇਨਸਾਫ਼ ਮਿਲਣ ਦੇ ਰੋਸ ਵਜੋਂ ਧਰਨਾਕਾਰੀਆਂ ਨੇ ਅੱਜ ਐਲਾਨ ਕੀਤਾ ਕਿ ਉਹ 9 ਮਈ ਨੂੰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਘਰ ਮੂਹਰੇ ਰੋਸ ਵਜੋਂ ਬੈਠਣਗੇ। ਫਿਰ ਵੀ ਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਨਸਾਫ਼ ਨਾ ਦਿੱਤਾ ਗਿਆ ਤਾਂ ਸਰਕਾਰੀ ਨੁਮਾਇੰਦਿਆਂ ਦਾ ਵੀ ਵਿਰੋਧ ਕੀਤਾ ਜਾਵੇਗਾ। ਧਰਨੇ ਦੇ 42ਵੇਂ ਦਿਨ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਪੋਨਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਬਖੌਤਰ ਸਿੰਘ ਨੇ ਕਿਹਾ ਕਿ ਸੋਲਾਂ ਵਰ੍ਹੇ ਪਹਿਲਾਂ ਕੁਲਵੰਤ ਕੌਰ ਕਥਿਤ ਪੁਲੀਸ ਤਸ਼ੱਦਦ ਕਾਰਨ ਮੰਜੇ ’ਤੇ ਲੱਗ ਗਈ ਅਤੇ ਡੇਢ ਦਹਾਕੇ ਬਾਅਦ ਮੌਤ ਹੋਣ ’ਤੇ ਪੁਲੀਸ ਨੇ ਪਰਚਾ ਤਾਂ ਦਰਜ ਕਰ ਲਿਆ ਪਰ ਹੁਣ ਪੰਜ ਮਹੀਨੇ ਬੀਤ ਚੱਲੇ ਹਨ ਪਰ ਗ੍ਰਿਫ਼ਤਾਰੀਆਂ ਨਹੀਂ ਹੋ ਰਹੀਆਂ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਬੀਕੇਯੂ ਏਕਤਾ (ਡਕੌਂਦਾ) ਦੇ ਇੰਦਰਜੀਤ ਸਿੰਘ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਬਲਦੇਵ ਸਿੰਘ ਫ਼ੌਜੀ ਨੇ ਕਿਹਾ ਕਿ 9 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਪ੍ਰੋਗਰਾਮ ਮੁਤਾਬਕ ਹਲਕਾ ਵਿਧਾਇਕ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ।
ਸਾਧੂ ਸਿੰਘ ਅੱਚਰਵਾਲ ਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ 14 ਮਈ ਨੂੰ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ। ਧਰਨਾ ਸਥਾਨ ਤੋਂ ਸ਼ੁਰੂ ਹੋ ਕੇ ਸ਼ਹਿਰ ਤੇ ਪਿੰਡਾਂ ’ਚੋਂ ਹੁੰਦਾ ਹੋਇਆ ਮਾਰਚ ਪਿੰਡ ਸਰਾਭੇ ਜਾ ਕੇ ਖ਼ਤਮ ਹੋਵੇਗਾ।