ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਫਰਵਰੀ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਚੋਣ ਪ੍ਰਚਾਰ ਲਈ ਅੱਜ ਮਾਛੀਵਾੜਾ ਵਿੱਚ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਪੁੱਜੇ। ਮਾਛੀਵਾੜਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ ਦੀ ਅਗਵਾਈ ਹੇਠ ਹੋਈ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਕੋਟਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਲਈ, ਜੋ ਮੁਹਿੰਮ ਵਿੱਢੀ ਹੈ, ਉਸ ਨੂੰ ਜਾਰੀ ਰੱਖਣ ਲਈ ਮੁੜ ਕਾਂਗਰਸ ਸਰਕਾਰ ਲਿਆਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਤੋਂ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਕਹਿਣੀ ਤੇ ਕਥਨੀ ਦਾ ਪਰਪੱਕ ਹੈ, ਉਸਨੂੰ ਜਿਤਾ ਕੇ ਹਲਕੇ ਦੀ ਨੁਹਾਰ ਬਦਲੀ ਜਾ ਸਕਦੀ ਹੈ। ਉਮੀਦਵਾਰ ਰਾਜਾ ਗਿੱਲ ਨੇ ਕਿਹਾ ਕਿ ਹਲਕਾ ਸਮਰਾਲਾ ਉਨ੍ਹਾਂ ਦਾ ਜੱਦੀ ਹਲਕਾ ਹੈ ਅਤੇ ਉਹ ਇੱਥੋਂ ਨਵੇਂ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਉਨ੍ਹਾਂ ਆਪਣਾ ਨਵਾਂ ਗ੍ਰਹਿ ਲਿਆ ਹੈ, ਜਿੱਥੇ ਰਹਿ ਕੇ ਹੀ ਉਹ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਕਾਂਗਰਸੀ ਵਰਕਰਾਂ ਦਾ ਮਾਣ ਬਹਾਲ ਰੱਖਣਗੇ। ਰਾਜਾ ਗਿੱਲ ਨੇ ਲੋਕਾਂ ਤੋਂ ਸਮਰਥਨ ਮੰਗਦਿਆਂ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਣ ਅਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਦੀਆਂ ਆਸਾਂ ’ਤੇ ਖ਼ਰੇ ਉਤਰਨਗੇ। ਇਸ ਮੌਕੇ ਸ਼ਕਤੀ ਆਨੰਦ ਨੇ ਕਿਹਾ ਕਿ ਹਾਈਕਮਾਂਡ ਵਲੋਂ ਭੇਜੇ ਉਮੀਦਵਾਰ ਰਾਜਾ ਗਿੱਲ ਨੂੰ ਜਿਤਾਉਣ ਲਈ ਸਾਰੇ ਕਾਂਗਰਸੀ ਵਰਕਰ ਇੱਕਜੁਟ ਹੋ ਕੇ ਕੰਮ ਕਰਨਗੇ। ਇਸ ਮੌਕੇ ਕਸਤੂਰੀ ਲਾਲ ਮਿੰਟੂ, ਕੁਲਵਿੰਦਰ ਸਿੰਘ ਮਾਣੇਵਾਲ, ਡਾ. ਦੀਪ ਆਨੰਦ ਆਦਿ ਮੌਜੂਦ ਸਨ।