ਗਗਨਦੀਪ ਅਰੋੜਾ
ਲੁਧਿਆਣਾ, 5 ਜਨਵਰੀ
ਲੁਧਿਆਣਾ ਵਿੱਚ ਕਰੋਨਾ ਮਗਰੋਂ ਹੁਣ ਨਵੇਂ ਵਾਇਰਸ ਓਮੀਕਰੋਨ ਨੇ ਵੀ ਦਸਤਕ ਦੇ ਦਿੱਤੀ ਹੈ। ਸ਼ਹਿਰ ਵਿੱਚ ਤਿੰਨ ਮਰੀਜ਼ ਓਮੀਕਰੋਨ ਦੇ ਸਾਹਮਣੇ ਆਏ ਹਨ। ਉਥੇ ਹੀ ਅੱਜ ਕਰੋਨਾਵਾਇਰਸ ਦੇ 203 ਨਵੇਂ ਮਾਮਲੇ ਤੇ 2 ਮਰੀਜ਼ਾਂ ਦੀ ਮੌਤ ਨੇ ਸਿਹਤ ਵਿਭਾਗ ਨੂੰ ਭਾਜੜ ਪਾ ਦਿੱਤੀ ਹੈ। ਹੁਣ ਲੁਧਿਆਣਾ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੀ 490 ਪੁੱਜ ਗਈ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਦੱਸਿਆ ਕਿ ਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 229 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਵਿੱਚੋਂ 203 ਕੇਸ ਲੁਧਿਆਣਾ ਨਾਲ ਸਬੰਧਤ ਹਨ ਤੇ 26 ਬਾਹਰਲੇ ਸੂਬਿਆਂ ਨਾਲ। ਉਨ੍ਹਾਂ ਦੱਸਿਆ ਕਿ 3 ਵਿਦੇਸ਼ੀ ਯਾਤਰੀਆਂ ਦੀ ਰਿਪੋਰਟ ਓਮੀਕਰੋਨ ਦੀ ਜਾਂਚ ਲਈ ਭੇਜੀ ਗਈ ਸੀ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਅੱਜ 2 ਮਰੀਜ਼ਾਂ ਦੀ ਮੌਤ ਵੀ ਹੋਈ ਹੈ, ਜਿਨਾਂ ਵਿੱਚੋਂ ਇੱਕ ਮਰੀਜ਼ ਬਰਨਾਲਾ ਤੇ ਇੱਕ ਫ਼ਰੀਦਕੋਟ ਨਾਲ ਸਬੰਧਤ ਹਨ। ਅੱਜ ਆਈਆਂ ਰਿਪੋਰਟਾਂ ਵਿੱਚ ਤਿੰਨ ਐੱਨਆਰਆਈ, 1 ਪੁਲੀਸ ਮੁਲਾਜ਼ਮ ਤੇ 11 ਸਿਹਤ ਕਾਮੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਤੋਂ ਬਾਅਦ ਕੁੱਲ ਕਰੋਨਾ ਦੇ ਕੇਸਾਂ ਦੀ ਗਿਣਤੀ 88,044 ਹੋ ਗਈ ਹੈ, ਜਿਨਾਂ ਵਿੱਚੋਂ 85,638 ਮਰੀਜ਼ ਸਿਹਤਯਾਬ ਹੋ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 490 ਹੈ, ਜਿਨ੍ਹਾਂ ਵਿੱਚੋਂ 20 ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਹਨ, 2 ਸਰਕਾਰੀ ਹਸਪਤਾਲਾਂ ਵਿੱਚ ਅਤੇ 468 ਮਰੀਜ਼ ਘਰਾਂ ਵਿੱਚ ਇਕਾਂਤਵਾਸ ਹਨ। ਅੱਜ ਲੁਧਿਆਣਾ ਵਿੱਚ 2906 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ।
ਸਿਵਲ ਸਰਜਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦਾ ਕਹਿਰ ਲਗਾਤਾਰ ਲੁਧਿਆਣਾ ਵਿੱਚ ਵਧ ਰਿਹਾ ਹੈ। ਇਸ ਕਰਕੇ ਲੋਕ ਮਾਸਕ ਪਾ ਕੇ ਰੱਖਣ ਤੇ ਦੋ ਗਜ ਦੀ ਦੂਰੀ ਵੀ ਬਣਾ ਕੇ ਰੱਖਣ।
ਖੰਨਾ ਵਿੱਚ ਅੱਲ੍ਹੜਾਂ ਲਈ ਟੀਕਾਕਰਨ ਆਰੰਭ
ਖੰਨਾ (ਨਿੱਜੀ ਪੱਤਰ ਪ੍ਰੇਰਕ): ਕਰੋਨਾ ਦੀ ਤੀਜੀ ਲਹਿਰ ਤੋਂ ਅੱਲ੍ਹੜਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਵੈਕਸੀਨ ਆਰੰਭ ਕੀਤੀ ਗਈ ਹੈ, ਇਸ ਤਹਿਤ ਇਥੋਂ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਪਾਲ ਦੀ ਅਗਵਾਈ ਹੇਠਾਂ 15 ਤੋਂ 18 ਸਾਲ ਦੇ ਬੱਚਿਆਂ ਲਈ ਵੈਕਸੀਨ ਆਰੰਭ ਕੀਤੀ ਗਈ ਹੈ। ਇਸ ਦੌਰਾਨ ਦੇਖਣ ਵਿਚ ਆਇਆ ਕਿ ਜਿੱਥੇ ਆਮ ਲੋਕਾਂ ਅੰਦਰ ਵੈਕਸੀਨ ਨੂੰ ਲੈ ਕੇ ਡਰ ਸੀ ਤਾਂ ਇਸਦੇ ਉਲਟ ਬੱਚੇ ਵੈਕਸੀਨ ਲਈ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਅਕਾਂਸ਼ਾ ਸੈਣੀ, ਭਾਵਨਾ ਤੇ ਭੂਮਿਕਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਵੈਕਸੀਨ ਲਗਵਾਉਣ ਆਈਆਂ ਹਨ। ਡਾ. ਅਰਜਨ ਭੱਲਾ ਨੇ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਬੱਚੇ ਵੈਕਸੀਨ ਜ਼ਰੂਰ ਲਗਵਾਉਣ। ਬਲਵੀਰ ਸਿੰਘ ਨੇ ਕਿਹਾ ਕਿ ਮਾਪੇ ਬੱਚਿਆਂ ਨੂੰ ਵੈਕਸੀਨ ਲਈ ਜ਼ਰੂਰ ਲੈ ਕੇ ਆਉਣ।