ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਰੇਰੂ ਸਾਹਿਬ ਰੋਡ ’ਤੇ ਸਥਿਤ ਵਰਲਡ ਵਾਈਡ ਜਿਮ ਦੇ ਬਾਹਰ ਖੜ੍ਹੇ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਵਾਸੀ ਗੁਰਦਿੱਤ ਸਿੰਘ ਨੂੰ ਰਾਜਪੁਰਾ ਵਾਸੀ ਨੌਜਵਾਨ ਨੇ ਆਪਣੇ ਭਰਾਵਾਂ ਤੇ ਦੋਸਤ ਨਾਲ ਮਿਲ ਕੇ ਅਗਵਾ ਕਰ ਲਿਆ। ਮੁਲਜ਼ਮ ਗੁਰਦਿੱਤ ਸਿੰਘ ਨੂੰ ਗੱਡੀ ’ਚ ਸੁੱਟ ਕੇ ਆਪਣੇ ਨਾਲ ਅੰਬਾਲਾ ਲੈ ਗਏ ਤੇ ਉਥੇਂ ਕੁੱਟਮਾਰ ਕਰਕੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮਾਂ ਨੇ ਪੁਲੀਸ ਨੂੰ ਝੂਠੀ ਸ਼ਿਕਾਇਤ ਦੇ ਦਿੱਤੀ ਕਿ ਉਹ ਘਰ ਵਿੱਚ ਦਾਖਲ ਹੋ ਗਿਆ ਸੀ। ਥਾਣਾ ਸ਼ਿਮਲਾਪੁਰੀ ਪੁਲੀਸ ਨੇ ਗੁਰਦਿੱਤ ਦੀ ਮਾਂ ਨਸੀਬ ਕੌਰ ਦੀ ਸ਼ਿਕਾਇਤ ’ਤੇ ਰਾਜਪੁਰਾ ਵਾਸੀ ਲਵਪ੍ਰੀਤ ਸਿੰਘ ਤੇ ਤਿੰਨ ਹੋਰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਬਾਕੀ ਦੇ ਮੁਲਜ਼ਮ ਹਾਲੇ ਫ਼ਰਾਰ ਹਨ।
ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੀ ਚੌਕੀ ਬਸੰਤ ਪਾਰਕ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਦਿੱਤ ਸਿੰਘ ਦੇ ਲਵਪ੍ਰੀਤ ਸਿੰਘ ਦੀ ਸੱਸ ਦੇ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਲਵਪ੍ਰੀਤ ਨੂੰ ਪਤਾ ਲੱਗ ਗਿਆ ਸੀ। ਉਹ ਗੁਰਦਿੱਤ ਨੂੰ ਸਮਝਾਉਂਦਾ ਸੀ, ਪਰ ਲਵਪ੍ਰੀਤ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ’ਤੇ ਵੀ ਗਲਤ ਨਜ਼ਰ ਗੁਰਦਿੱਤ ਰੱਖ ਰਿਹਾ ਹੈ। ਇਸ ਕਾਰਨ ਉਨ੍ਹਾਂ ’ਚ ਵਿਵਾਦ ਚੱਲ ਰਿਹਾ ਸੀ। 25 ਅਪਰੈਲ ਨੂੰ ਗੁਰਦਿੱਤ ਸਿੰਘ ਜਿਮ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਲਵਪ੍ਰੀਤ ਆਪਣੇ ਭਰਾਵਾਂ ਤੇ ਦੋਸਤ ਨਾਲ ਆਇਆ ਅਤੇ ਉਸ ਨੂੰ ਆਪਣੇ ਨਾਲ ਗੱਡੀ ’ਚ ਅਗਵਾ ਕਰਕੇ ਅੰਬਾਲਾ ਲੈ ਗਿਆ। ਮਗਰੋਂ ਗੁਰਦਿੱਤ ਦੇ ਦੋਸਤ ਪ੍ਰਿੰਸ ਨੇ ਉਸ ਦੀ ਮਾਂ ਨਸੀਬ ਕੌਰ ਨੂੰ ਸਾਰੀ ਗੱਲ ਦੱਸੀ। ਨਸੀਬ ਕੌਰ ਤੁਰੰਤ ਪੁਲੀਸ ਨੂੰ ਸ਼ਿਕਾਇਤ ਦੇਣ ਪੁੱਜੀ। ਪੁਲੀਸ ਨੇ ਅੰਬਾਲਾ ਪੁਲੀਸ ਨਾਲ ਸੰਪਰਕ ਕੀਤਾ ਤੇ ਮੁਲਜ਼ਮ ਨੂੰ ਉਥੋਂ ਰਿਹਾਅ ਕਰਵਾਇਆ ਤੇ ਲਵਪ੍ਰੀਤ ਤੇ ਹੋਰਨਾਂ ਦੇ ਖਿਲ਼ਾਫ਼ ਕੇਸ ਦਰਜ ਕਰ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ।