ਜੋਗਿੰਦਰ ਸਿੰਘ ਓਬਰਾਏ
ਖੰਨਾ, 9 ਅਕਤੂਬਰ
ਪੰਜਾਬ ਦੇ ਮਰਹੂਮ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੀ ਪੁੱਤਰੀ ਰਾਣੀ ਰਮਣੀਕ ਕੌਰ ਗਰੇਵਾਲ ਨੇ ਵਿਧਾਨ ਸਭਾ ਹਲਕਾ ਖੰਨਾ ਤੋਂ ਆਪਣੀ ਸਿਆਸੀ ਪਾਰੀ ਖੇਡਣ ਦਾ ਐਲਾਨ ਕੀਤਾ। ਰਾਣੀ ਦਾ ਖੰਨਾ ਤੋਂ ਚੋਣ ਲੜਨ ਦਾ ਫੈਸਲਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਲਈ ਵੀ ਸਿਰਦਰਦੀ ਬਣ ਸਕਦਾ ਹੈ। ਰਾਣੀ ਨੂੰ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਟਕਸਾਲੀ ਕਾਂਗਰਸੀਆਂ ਦਾ ਸਾਥ ਵੀ ਮਿਲਿਆ। ਅੱਜ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕੇਐੱਲ ਸਹਿਗਲ ਤੇ ਸ਼ਸੀ ਵਰਧਨ ਹਾਜ਼ਰ ਸਨ। ਖੰਨਾ ਨੂੰ ਹੀ ਸਿਆਸੀ ਕਰਮਭੂਮੀ ਬਨਾਉਣ ਦੇ ਸਵਾਲ ਤੇ ਰਾਣੀ ਨੇ ਕਿਹਾ ਕਿ ਖੰਨਾ ਸ਼ਹਿਰ ਦੇ ਮਾੜੇ ਹਾਲਾਤ ਦੇਖ ਕੇ ਉਨ੍ਹਾਂ ਦਾ ਮਨ ਪ੍ਰੇਸ਼ਾਨ ਹੈ, ਉਹ ਆਪਣੇ ਮਰਹੂਮ ਪਿਤਾ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਇਸ ਲਈ ਉਹ ਅਗਾਮੀਂ 2022 ਦੀਆਂ ਚੋਣਾਂ ’ਚ ਖੰਨਾ ਤੋਂ ਹਰ ਹਾਲ ਵਿਚ ਲੜੇਗੀ, ਪਰ ਪਾਰਟੀ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਣੀ ਰਮਣੀਕ ਕੌਰ ਕਾਂਗਰਸ ਪਰਿਵਾਰ ’ਚੋਂ ਹੈ। ਉਹ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਖਾਸ ਰੁਪਿੰਦਰ ਸਿੰਘ ਰਾਜਾਗਿੱਲ ਦੀ ਸਕੀ ਭੈਣ ਹੈ। ਕੋਟਲੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਵੀ ਉਨ੍ਹਾਂ ਦੀ ਰਿਸ਼ਤੇਦਾਰੀ ਹੈ।