ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੀਆਂ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ ਜੂਨੀਅਰ ਵਰਗ ਵਿੱਚ ਰਾਮਪੁਰ ਛੰਨਾ ਅਤੇ ਏਕ ਨੂਰ ਅਕੈਡਮੀ ਤੇਂਗ ਜਦਕਿ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਫਰੈਂਡਜ਼ ਕਲੱਬ ਰੂਮੀ ਨੇ ਜਿੱਤਾਂ ਦਰਜ ਕਰਦਿਆਂ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਅੱਜ ਸਬ ਜੂਨੀਅਰ ਵਰਗ ਵਿੱਚ ਏਕਨੂਰ ਅਕੈਡਮੀ ਤੇਂਗ ਨੇ ਕਿਲ੍ਹਾ ਰਾਏਪੁਰ ਸਕੂਲ ਨੂੰ ਇੱਕ ਪਾਸੜ ਮੁਕਾਬਲੇ ਵਿੱਚ 10-0 ਗੋਲਾਂ ਦੀ ਕਰਾਰੀ ਮਾਤ ਦਿੱਤੀ। ਜਦਕਿ ਦੂਸਰੇ ਸਬ ਜੂਨੀਅਰ ਮੁਕਾਬਲੇ ਵਿੱਚ ਰਾਮਪੁਰ ਛੰਨਾ ਹਾਕੀ ਸੈਂਟਰ ਅਮਰਗੜ੍ਹ ਨੇ ਰਾਮਪੁਰ ਹਾਕੀ ਸੈਂਟਰ ਦੋਰਾਹਾ ਨੂੰ 4-3 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਰਣਵੀਰ ਸਿੰਘ ਨੇ 2, ਨਵਜੋਤ ਅਤੇ ਜੋਬਨ ਨੇ 1-1 ਗੋਲ ਕੀਤਾ। ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਨੇ ਰਾਮਪੁਰ ਹਾਕੀ ਕਲੱਬ ਨੂੰ 4-3 ਗੋਲਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਸੀਨੀਅਰ ਵਰਗ ਦੇ ਖੇਡੇ ਗਏ ਮੁਕਾਬਲੇ ਵਿੱਚ ਫਰੈਂਡਜ਼ ਕਲੱਬ ਰੂਮੀ ਨੇ ਤੇਂਗ ਹਾਕੀ ਸੈਂਟਰ ਨੂੰ 8-3 ਗੋਲਾਂ ਨਾਲ ਹਰਾਇਆ। ਟੂਰਨਾਮੈਂਟ ਕਮੇਟੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਹਾਕੀ ਲੀਗ ਦੇ ਅਗਲੇ ਗੇੜ ਦੇ ਮੁਕਾਬਲੇ 21 ਅਤੇ 22 ਮਈ ਨੂੰ ਖੇਡੇ ਜਾਣਗੇ । 21 ਮਈ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 39ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ । ਇਸ ਮੌਕੇ ਹਾਕੀ ਫੈਸਟੀਵਲ ਦੇ 4 ਮੁਕਾਬਲੇ ਕਰਾਏ ਜਾਣਗੇ । ਜਿਸ ਵਿੱਚ ਸਬ ਜੂਨੀਅਰ ਹਾਕੀ ਵਿੱਚ ਪਹਿਲਾ ਮੈਚ ਏਕਨੂਰ ਅਕੈਡਮੀ ਤੇਂਗ ਅਤੇ ਰਾਮਪੁਰ ਛੰਨਾਂ ਵਿਚਕਾਰ, ਦੂਜਾ ਕਿਲ੍ਹਾ ਰਾਏਪਰ ਸਕੂਲ ਅਤੇ ਹਾਕੀ ਸੈਂਟਰ ਰਾਮਪੁਰ ਵਿਚਕਾਰ ਖੇਡਿਆ ਜਾਵੇਗਾ। ਜਦਕਿ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਦਾ ਮੁਕਾਬਲਾ ਤੇਂਗ ਕਲੱਬ ਨਾਲ ਤੇ ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਸਾਹਨੇਵਾਲ ਵਿਚਕਾਰ ਖੇਡਿਆ ਜਾਵੇਗਾ ।