ਗਗਨਦੀਪ ਅਰੋੜਾ
ਲੁਧਿਆਣਾ, 25 ਅਪਰੈਲ
ਪੰਜਾਬ ਵਿਧਾਨ ਸਭਾ ਚੋਣਾਂ ’ਚ ਮੁੱਦਾ ਬਣ ਰਹੇ ਰੇਤ ਮਾਫ਼ੀਆ ’ਤੇ ਨਕੇਲ ਕੱਸਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਹੈ। ਜੇਕਰ ਕੋਈ ਨਾਜਾਇਜ਼ ਮਾਈਨਿੰਗ ਕਰੇ ਤਾਂ ਉਸ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਹਾਲਾਂ ਕਿ ਸੂਬੇ ਦੀਆਂ ਕਾਫ਼ੀ ਖੱਡਾਂ ਬੰਦ ਪਈਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਰੇਤਾ ਕਾਫ਼ੀ ਮਹਿੰਗਾ ਮਿਲ ਰਿਹਾ ਹੈ। ਉਧਰ, ਜੇਸੀਬੀ ਤੇ ਟਿੱਪਰ ਚਾਲਕ ਵੀ ਲਗਾਤਾਰ ਠੱਪ ਹੋ ਰਹੇ ਕੰਮ ਤੋਂ ਪ੍ਰੇਸ਼ਾਨ ਹਨ। ਜਿਸ ਕਾਰਨ ਟਿੱਪਰ ਤੇ ਜੇਸੀਬੀ ਚਾਲਕਾਂ ਨੇ ਸਾਹਨੇਵਾਲ ਵਿੱਚ ਦਿੱਲੀ ਹਾਈਵੇ ’ਤੇ ਪ੍ਰਦਰਸ਼ਨ ਕੀਤਾ। ਕਰੀਬ ਇੱਕ ਘੰਟੇ ਤੱਕ ਸੜਕ ਜਾਮ ਰੱਖੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਨਹੀਂ ਮੰਨੇ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਮੌਕੇ ’ਤੇ ਪੁੱਜੇ ਅਤੇ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ।
ਪ੍ਰਦਰਸ਼ਨਕਾਰੀ ਜੇਸੀਬੀ ਤੇ ਟਿੱਪਰ ਚਾਲਕਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਤਿੰਨ ਫੁੱਟ ਤੱਕ ਮਾਈਨਿੰਗ ਕਰਨ ਦੀ ਮਨਜ਼ੂਰੀ ਸੀ, ਪਰ ‘ਆਪ’ ਸਰਕਾਰ ਆਉਣ ’ਤੇ ਤਿੰਨ ਫੁੱਟ ਤੱਕ ਮਾਈਨਿੰਗ ਕਰਨ ’ਤੇ ਵੀ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ। ਖਰਚ ਪੂਰਾ ਨਹੀਂ ਹੋ ਰਿਹਾ ਅਤੇ ਕਈ ਜਗ੍ਹਾ ਉਨ੍ਹਾਂ ਖਿਲਾਫ਼ ਨਾਜਾਇਜ਼ ਕਾਰਵਾਈ ਕੀਤੀ ਗਈ ਹੈ। ਇਸ ਕਾਰਨ ਟਿੱਪਰ ਅਤੇ ਜੇਸੀਬੀ ਚਾਲਕਾਂ ਨੇ ਸੋਮਵਾਰ ਸਵੇਰੇ ਜੇਸੀਬੀ ਤੇ ਟਿੱਪਰ ਮਾਲਕਾਂ ਨੇ ਧਰਨਾ ਲਾਇਆ ਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ’ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹਨ। ਕਾਲੇ ਝੰਡੇ ਚੁੱਕ ਸਰਕਾਰ ਦੇ ਖਿਲਾਫ਼ ਰੋਸ ਧਰਨਾ ਹੋਣ ਦਾ ਪਤਾ ਚੱਲਦੇ ਹੀ ਮੌਕੇ ’ਤੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਪੁੱਜੇ। ਵਿਧਾਇਕ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਵਿਧਾਇਕ ਹਰਦੀਪ ਮੁੰਡੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ। ਵਿਧਾਇਕ ਹਰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਜੇਸੀਬੀ ਚਾਲਕ ਨਾਲ ਰੇਤ ਮਾਈਨਿੰਗ ਕਰਦੇ ਸਮੇਂ ਧੱਕੇਸ਼ਾਹੀ ਨਹੀਂ ਹੋਵੇਗੀ। ਮੁੱਖ ਮੰਤਰੀ ਦੇ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕਿਆ ਗਿਆ।
ਮੁੰਡੀਆਂ ਨੇ ਖੇਤ ’ਚੋਂ 3 ਫੁੱਟ ਮਿੱਟੀ ਚੁੱਕਣ ਦੀ ਪ੍ਰਵਾਨਗੀ ਦਿਵਾਈ
ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਦਿੱਲੀ-ਲੁਧਿਆਣਾ ਹਾਈਵੇਅ ’ਤੇ ਗੁਰਦੁਆਰਾ ਰੇਰੂ ਸਾਹਿਬ ਨੇੜੇ ਲੱਗੇ ਧਰਨੇ ਦੌਰਾਨ ‘ਆਪ’ ਦੀ ਨਵੀਂ ਬਣੀ ਸਰਕਾਰ ਵਲੋਂ ਮਾਈਨਿੰਗ ’ਤੇ ਲਗਾਈ ਪਾਬੰਦੀ ਹਟਾਉਣ ਦੀ ਮੰਗ ਕੀਤੀ। ਧਰਨਾਕਾਰੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਸਾਰਾ ਮਸਲਾ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਲਿਆਂਦਾ। ਮਾਈਨਿੰਗ ਵਿਭਾਗ ਦੇ ਮੰਤਰੀ ਵੱਲੋਂ ਬੇਸ਼ੱਕ ਵਿਸ਼ਵਾਸ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਅੰਦਰ ਨਵੀਂ ਪਾਲਿਸੀ ਲਾਗੂ ਕਰ ਦਿੱਤੀ ਜਾਵੇਗੀ ਪਰ ਮਿੱਟੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਫਿਰ ਵੀ ਨਾ ਮੰਨੇ। ਆਖਰ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਧਰਨਾਕਾਰੀਆਂ ਨੂੰ ਇਹ ਫ਼ੈਸਲਾ ਸੁਣਾਇਆ ਕਿ ਉਹ ਖੇਤਾਂ ’ਚੋਂ 3 ਫੁੱਟ ਤੱਕ ਮਿੱਟੀ ਚੁੱਕ ਸਕਦੇ ਹਨ ਜਿਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਹ ਪਾਲਿਸੀ ਵਿੱਚ ਵੀ ਐਲਾਨ ਕਰ ਦਿੱਤਾ ਜਾਵੇਗਾ। ‘ਆਪ’ ਦੇ ਮੰਤਰੀ ਅਤੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵਲੋਂ 3 ਫੁੱਟ ਮਿੱਟੀ ਚੁੱਕਣ ਦੇ ਐਲਾਨ ਤੋਂ ਬਾਅਦ ਇਸ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਚਿਹਰੇ ਖਿੜ ਗਏ ਜਿਨ੍ਹਾਂ ਨੇ ਤੁਰੰਤ ਫੈਸਲਾ ਲਾਗੂ ਕਰਨ ’ਤੇ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਨੱਤਾਂ, ਸਰਬਜੀਤ ਸਿੰਘ ਰਾਈਆਂ, ਅਮਨਦੀਪ ਸਿੰਘ ਭਾਗਪੁਰ, ਦਲਵਿੰਦਰ ਸਿੰਘ ਭਾਗਪੁਰ, ਰਮਨਦੀਪ ਸਿੰਘ ਲੱਖੇਵਾਲ,ਬਾਬੂ ਗੁਜਰ, ਸ਼ਾਮੂ ਗੁਜਰ, ਮੱਖਣ ਗੁਜਰ ਨੂਰਾ ਭਾਗਪੁਰ, ਅਮਨਦੀਪ ਸਿੰਘ ਰਾਏ, ਗੁਰਵਿੰਦਰ ਸਿੰਘ ਕਟਾਣੀ ਕਲਾਂ, ਦਵਿੰਦਰ ਸਿੰਘ ਡਗੋਰਾ, ਲਖਵੀਰ ਸਿੰਘ ਬਿਰਦੀ, ਮਨਦੀਪ ਸਿੰਘ ਕੂੰਮਕਲਾਂ, ਕੁਲਦੀਪ ਸਿੰਘ ਕੂੰਮਕਲਾਂ,ਨੋਨੀ ਬਰਵਾਲਾ, ਕੁਲਦੀਪ ਸਿੰਘ ਬਰਵਾਲਾ, ਸੁਖਵਿੰਦਰ ਸਿੰਘ ਖੰਨਾ ਆਦਿ ਹਾਜ਼ਰ ਸਨ।