ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਦਸੰਬਰ
ਇਥੇ ਜਗਰਾਉਂ ਪੁਲ ’ਤੇ ਅੱਜ ਬਾਅਦ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਨੌਜਵਾਨ ਹੱਥ ’ਚ ਝੰਡਾ ਲੈ ਕੇ ਜਗਰਾਉਂ ਪੁਲ ਦੀ ਲਗਪਗ 20 ਫੁੱਟ ਉਚੀ ਰੇਲਿੰਗ ’ਤੇ ਚੜ੍ਹ ਗਿਆ। ਉਥੋਂ ਲੰਘ ਰਹੇ ਲੋਕਾਂ ਦੀ ਨਜ਼ਰ ਜਿਵੇਂ ਉਸ ’ਤੇ ਪਈ, ਸਾਰਿਆਂ ਨੇ ਉਸ ਨੂੰ ਹੇਠ ਉਤਾਰਨ ਲਈ ਕਿਹਾ, ਪਰ ਨੌਜਵਾਨ ਹੇਠਾਂ ਨਹੀਂ ਉੱਤਰਿਆ ਅਤੇ ਹੱਥ ਵਿਚ ਝੰਡਾ ਲੈ ਕੇ ਰੋਲਾ ਪਾਉਂਦਾ ਰਿਹਾ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਥਾਣਾ ਡਿਵੀਜ਼ਨ ਨੰ. 5 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਲਗਪਗ ਇੱਕ ਘੰਟੇ ਮਗਰੋਂ ਨੌਜਵਾਨ ਹੇਠਾਂ ਉੱਤਰ ਆਇਆ ਤੇ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਮੁਤਾਬਿਕ ਨੌਜਵਾਨ ਨੇ ਹੇਠ ਉੱਤਰ ਕੇ ਆਪਣਾ ਨਾਮ ਖੁਸ਼ਦਿਲ ਦੱਸਿਆ ਹੈ, ਜੋ ਨਸ਼ੇ ਵਿੱਚ ਮੌਸਮ ਦਾ ਆਨੰਦ ਲੈਣ ਲਈ ਪੁਲ ਉੇਤੇ ਚੜ੍ਹ ਗਿਆ ਸੀ। ਉਧਰ ਪੁਲੀਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।