ਗਗਨਦੀਪ ਅਰੋੜਾ
ਲੁਧਿਆਣਾ, 23 ਜੁਲਾਈ
ਇੱਕ ਪਾਸੇ ਪੂਰੇ ਦੇਸ਼ ਵਿੱਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਸ਼ਟਰੀ ਝੰਡਾ ਤਿਰੰਗਾ ਨੂੰ ਫਹਿਰਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸੂਬੇ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ’ਤੇ ਲੱਗਿਆ 100 ਫੁੱਟ ਉੱਚਾ ਤਿਰੰਗਾ ਝੰਡੇ ਦਾ ਅਪਮਾਨ ਕੀਤਾ ਜਾ ਰਿਹਾ ਸੀ। ਰੇਲਵੇ ਸਟੇਸ਼ਨ ’ਤੇ ਅੱਜ ਪੂਰਾ ਦਿਨ ਫਟਿਆ ਹੋਇਆ ਤਿਰੰਗਾ ਝੰਡਾ ਲਹਿਰਾਉਂਦਾ ਰਿਹਾ। ਪਰ ਉਥੇ ਮੌਜੂਦ ਅਧਿਕਾਰੀਆਂ ਦੀ ਇਸ ਵੱਲ ਨਜ਼ਰ ਨਹੀਂ ਗਈ। ਤਿਰੰਗੇ ਝੰਡੇ ਦੀਆਂ ਦੋਵੇਂ ਪਾਸੇ ਕਨਾਰੀਆਂ ਫਟੀਆਂ ਹੋਈਆਂ ਸਨ ਤੇ ਉਹ ਉਸੇ ਤਰੀਕੇ ਦੇ ਨਾਲ ਹੀ ਪੋਲ ਉਤੇ ਲਾਇਆ ਗਿਆ ਸੀ।
ਸਨਅਤੀ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਕਈ ਸਾਲ ਪਹਿਲਾਂ 100 ਫੁੱਟ ਉੱਚੇ ਪੋਲ ’ਤੇ ਤਿਰੰਗਾ ਝੰਡਾ ਲਗਾਇਆ ਗਿਆ ਸੀ। ਜੋਕਿ ਰੇਲਵੇ ਸਟੇਸ਼ਨ ’ਤੇ ਹਰ ਆਉਣ ਜਾਣ ਵਾਲਿਆਂ ਲਈ ਖਿੱਚ ਦਾ ਕੇਂਦਰ ਵੀ ਹੈ। ਲੋਕ ਸ਼ਰਧਾ ਦੇ ਨਾਲ ਇਸ ਤਿਰੰਗੇ ਝੰਡੇ ਅੱਗੇ ਆਪਣੇ ਸਿਰ ਵੀ ਝੁਕਾਉਂਦੇ ਹਨ। ਪਰ ਸ਼ਨਿੱਚਰਵਾਰ ਨੂੰ ਰੇਲਵੇ ਸਟੇਸ਼ਨ ’ਤੇ ਇਹ ਲੱਗਿਆ ਝੰਡਾ ਫਟ ਗਿਆ ਤੇ ਕਿਸੇ ਦਾ ਇਸ ਵੱਲ ਧਿਆਨ ਨਹੀਂ ਗਿਆ। ਹਾਲਾਂਕਿ, ਰੇਲਵੇ ਸਟੇਸ਼ਨ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਝੰਡਾ ਕਈ ਦਿਨਾਂ ਦਾ ਹੀ ਅਜਿਹੇ ਹਾਲਾਤ ਵਿੱਚ ਸੀ। ਪਰ ਉਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ। ਦਰਅਸਲ, ਮੀਂਹ ਤੇ ਹਨ੍ਹੇਰੀ ਦਾ ਮੌਸਮ ਹੋਣ ਕਾਰਨ ਤਿਰੰਗੇ ਝੰਡੇ ਦੀਆਂ ਦੋਵੇਂ ਕਨਾਰੀਆਂ ਫਟ ਗਈਆਂ ਸਨ। ਸੌ ਫੁੱਟ ਉਪਰ ਤੋਂ ਹੀ ਸਾਫ਼ ਸਾਫ਼ ਰਾਸ਼ਟਰੀ ਝੰਡਾ ਦੀ ਹੋ ਰਹੀ ਬੇਕਦਰੀ ਨਜ਼ਰ ਆ ਰਹੀ ਸੀ।
ਇਸ ਸਬੰਧੀ ਜਦੋਂ ਸਟੇਸ਼ਨ ਦੇ ਡਾਇਰੈਕਟਰ ਅਭਿਨਵ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਉਹ ਹੁਣੇ ਹੀ ਆਰਪੀਐਫ਼ ਦੇ ਮੁਲਾਜ਼ਮਾਂ ਨੂੰ ਭੇਜ ਚੈੱਕ ਕਰਵਾਉਂਦੇ ਹਨ ਤੇ ਜੇਕਰ ਤਿਰੰਗੇ ਝੰਡੇ ਨੂੰ ਕਿਸੇ ਪਾਸਿਓਂ ਨੁਕਸਾਨ ਹੋਇਆ ਹੈ ਤਾਂ ਉਸਨੂੰ ਬਦਲਿਆ ਜਾਏਗਾ।
ਉਧਰ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ’ਤੇ ਅਗਰ ਤਿਰੰਗੇ ਝੰਡੇ ਨੂੰ ਕੋਈ ਨੁਕਸਾਨ ਹੋਇਆ ਹੈ ਤਾਂ ਉਹ ਇਸ ਮਾਮਲੇ ਦੀ ਰੇਲਵੇ ਦੇ ਉਚ ਅਧਿਕਾਰੀਆਂ ਨਾਲ ਗੱਲ ਕਰਨਗੇ। ਤਿਰੰਗੇ ਝੰਡੇ ਨੂੰ ਸਤਿਕਾਰ ਦੇਣਾ ਸਭ ਦਾ ਫਰਜ਼ ਹੈ। ਜੇਕਰ ਤਿਰੰਗਾ ਝੰਡਾ ਫਟਿਆ ਹੋਇਆ ਲਹਿਰਾ ਰਿਹਾ ਹੈ ਤਾਂ ਉਨ੍ਹਾਂ ਇਸ ਨੂੰ ਜਲਦੀ ਹੀ ਬਦਲਵਾ ਦਿੱਤਾ ਜਾਵੇਗਾ।